ਸੁਮੇਧ ਸੈਣੀ ਮੁੱਦੇ ’ਤੇ ਬਾਦਲਾਂ ਦੇ ਪੰਥ ਵਿਰੋਧੀ ਕਾਰਨਾਮਿਆਂ ਦੀ ਬਿੱਲੀ ਥੈਲਿਓਂ ਬਾਹਰ ਆਈ : ਭੋਮਾ

05/11/2020 1:23:20 AM

ਫ਼ਤਿਹਗੜ੍ਹ ਸਾਹਿਬ (ਜ.ਬ.)- ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਮਨਜੀਤ ਸਿੰਘ ਭੋਮਾ ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਜੰਮੂ ਬਲਵਿੰਦਰ ਸਿੰਘ ਖੋਜਕੀਪੁਰ ਕੁਲਦੀਪ ਸਿੰਘ ਮਜੀਠਾ ਹਰਸ਼ਰਨ ਸਿੰਘ ਭਾਤਪੁਰ ਜੱਟਾਂ ਅਤੇ ਗੁਰਚਰਨ ਸਿੰਘ ਬਸਿਆਲਾ ਨੇ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਸਾਬਕਾ ਆਈ. ਏ. ਐੱਸ. ਅਫਸਰ ਡੀ. ਐੱਸ. ਮੁਲਤਾਨੀ ਵਰਗੇ ਪੀੜਤ ਪਰਿਵਾਰਾਂ ਖਿਲਾਫ ਬਾਦਲਾਂ ਵੱਲੋਂ ਐਡ. ਸਤਨਾਮ ਸਿੰਘ ਕਲੇਰ ਰਾਹੀਂ ਕਥਿਤ ਦੋਸ਼ੀ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੀ ਰੱਖਿਆ ਲਈ ਖੜ੍ਹੇ ਹੋ ਕੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਨੇ ਸਿੱਖ ਸੰਘਰਸ਼ ਦੌਰਾਨ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਸ ਮੁਕਾਬਲਿਆਂ ’ਚ ਮਾਰਨ ਵਾਲੇ ਅਫ਼ਸਰਾਂ ਅਤੇ ਪੁਲਸ ਮੁਲਾਜ਼ਮਾਂ ਨੂੰ ਤਰੱਕੀਆਂ ਦੇ ਕੇ ਉਨ੍ਹਾਂ ਨੂੰ ਕਾਨੂੰਨੀ ਤੌਰ ’ਤੇ ਬਚਾਉਣ ਲਈ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਦਿੱਲੀ ਬੈਠੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੈ ਤੇ ਹੁਣ ਤੱਕ ਅਕਾਲੀ ਦਲ ਬਾਦਲ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਰਥਿਕ, ਸਮਾਜਿਕ, ਰਾਜਨੀਤਕ ਅਤੇ ਸਮਾਜਿਕ ਤੌਰ ’ਤੇ ਬਰਬਾਦ ਕਰਨ ਲਈ ਅਕਾਲੀ ਦਲ ਬਾਦਲ ਭਾਜਪਾ ਅਤੇ ਕਾਂਗਰਸ ਇਕੱਠੇ ਹਨ। ਉਨ੍ਹਾਂ ਕਿਹਾ ਕਿ ਸਾਰੇ ਕਾਨੂੰਨ ਛਿੱਕੇ ਟੰਗ ਕੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਕ ਜੂਨੀਅਰ ਅਫਸਰ ਸੁਮੇਧ ਸੈਣੀ ਨੂੰ ਪੰਜਾਬ ਦਾ ਡੀ. ਜੀ. ਪੀ. ਅਤੇ ਸੁਖਬੀਰ ਸਿੰਘ ਬਾਦਲ ਨੂੰ ਗ੍ਰਹਿ ਮੰਤਰੀ ਪੰਜਾਬ ਲਾਇਆ ਹੀ ਇਸ ਲਈ ਸੀ ਕਿ ਪੰਜਾਬ ’ਚ ਬਣੇ ਝੂਠੇ ਪੁਲਸ ਮੁਕਾਬਲਿਆਂ ਅਤੇ ਵੱਡੀ ਪੱਧਰ ’ਤੇ ਪੰਜਾਬੀਆਂ ਦੀ ਲੁੱਟ ਕਰਨ ਵਾਲੇ ਪੁਲਸ ਕਰਮੀਆਂ ਅਤੇ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕਰਨ ਦੀਆਂ ਉੱਠ ਰਹੀਆਂ ਆਵਾਜ਼ਾਂ ਨੂੰ ਦਬਾਇਆ ਜਾ ਸਕੇ ਅਤੇ ਜੋ ਲੋਕ ਫਿਰ ਵੀ ਅਜਿਹੇ ਪੁਲਸ ਅਫ਼ਸਰਾਂ ਖਿਲਾਫ਼ ਅਦਾਲਤਾਂ ਤੱਕ ਪਹੁੰਚਣ ਤਾਂ ਉਨ੍ਹਾਂ ਨੂੰ ਡਰਾ ਧਮਕਾ ਜਾਂ ਲਾਲਚ ਦੇ ਕੇ ਰੋਕਿਆ ਜਾ ਸਕੇ, ਜਿਸ ’ਚ ਬਾਦਲ ਸੁਮੇਧ ਸੈਣੀ ਰਾਹੀਂ ਕਾਫੀ ਹੱਦ ਤੱਕ ਕਾਮਯਾਬ ਰਿਹਾ। ਉਨ੍ਹਾਂ ਕਿਹਾ ਕਿ ਬਰਗਾੜੀ ਤੇ ਬਹਿਬਲ ਕਲਾਂ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਦੋ ਸਿੰਘਾਂ ਦੇ ਕਾਤਲ ਪੁਲਸ ਅਫ਼ਸਰਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਮੰਤਰੀ ਹੁੰਦਿਆਂ ਡੀ. ਜੀ. ਪੀ. ਪੰਜਾਬ ਸਮੇਤ ਸੈਣੀ ਰਾਹੀਂ ਬਚਾਇਆ ਗਿਆ ਅਤੇ ਹੁਣ ਤੱਕ ਬਚਾਇਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਅਕਾਲੀ ਦਲ ਬਾਦਲ ਸਿੱਧੇ-ਅਸਿੱਧੇ ਢੰਗ ਨਾਲ ਸੁਮੇਧ ਸੈਣੀ ਦੀ ਮਦਦ ਛਾਤੀ ਡਾਹ ਕੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਤੇ ਪੰਜਾਬੀਆਂ ਨੂੰ ਹੁਣ ਬਹੁਤ ਸੁਚੇਤ ਹੋਣ ਦੀ ਲੋੜ ਹੈ। ਕਿਸੇ ਬਹਿਕਾਵੇ ’ਚ ਨਾ ਆਉਣ, ਕਿਉਂਕਿ ਅਕਾਲੀ ਦਲ ਬਾਦਲ ਵੱਲੋਂ ਸਿੱਖ ਕੌਮ ਅਤੇ ਪੰਜਾਬੀਆਂ ਦੇ ਕੀਤੇ ਜੁਰਮਾਂ ਵਾਲੀ ਬਿੱਲੀ ਹੁਣ ਥੈਲਿਓਂ ਬਾਹਰ ਆ ਗਈ ਹੈ।

Bharat Thapa

This news is Content Editor Bharat Thapa