550ਵਾਂ ਪ੍ਰਕਾਸ਼ ਪੁਰਬ : ਵਿਦਿਆਰਥੀਆਂ ਦੇ ਧਾਰਮਿਕ ਮੁਕਾਬਲੇ ਰਹੇ ਖਿੱਚ ਦਾ ਕੇਂਦਰ

11/05/2019 9:58:48 AM

ਸੁਲਤਾਨਪੁਰ ਲੋਧੀ (ਦੀਪਕ) - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੁਲਤਾਨਪੁਰ ਲੋਧੀ ਵਿਖੇ ਬਹੁਤ ਸਾਰੇ ਸਮਾਗਮ ਕਰਵਾਏ ਜਾ ਰਹੇ ਹਨ। ਚੱਲ ਰਹੇ ਇਨ੍ਹਾਂ ਵਿਸ਼ੇਸ਼ ਸਮਾਗਮਾਂ ਦੇ ਚੌਥੇ ਦਿਨ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਅਕਾਲ ਅਕੈਡਮੀਆਂ, ਚੀਫ਼ ਖ਼ਾਲਸਾ ਦੀਵਾਨ ਤੇ ਹੋਰ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਧਾਰਮਿਕ ਮੁਕਾਬਲਿਆਂ 'ਚ ਹਿੱਸਾ ਲਿਆ। ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਭਾਈ ਮਰਦਾਨਾ ਜੀ ਦੀਵਾਨ ਹਾਲ 'ਚ ਹੋਏ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ, ਗੁਰਬਾਣੀ ਕੰਠ, ਕਵਿਤਾ, ਭਾਸ਼ਣ, ਢਾਡੀ ਵਾਰਾਂ ਤੇ ਕਵੀਸ਼ਰੀ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।

PunjabKesari

550ਵੇਂ ਪ੍ਰਕਾਸ਼ ਪੁਰਬ 'ਚ ਸ਼ਮੂਲੀਅਤ ਕਰਨ ਲਈ ਪਹੁੰਚੀਆਂ ਸੰਗਤਾਂ ਦੇ ਇਕੱਠ ਦੌਰਾਨ ਸਜੇ ਦੀਵਾਨ 'ਚ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਵੱਖ-ਵੱਖ ਸ਼ਾਖ਼ਾਵਾਂ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਤੰਤੀ ਸਾਜ਼ਾਂ ਨਾਲ ਕੀਤਾ ਗਿਆ ਕੀਰਤਨ ਅੱਜ ਦੇ ਦੀਵਾਨ 'ਚ ਸੰਗਤਾਂ ਲਈ ਖਿੱਚ ਦਾ ਕੇਂਦਰ ਰਿਹਾ। ਦੱਸਣਯੋਗ ਹੈ ਕਿ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵਲੋਂ ਪਿਛਲੇ ਮਹੀਨਿਆਂ ਦੌਰਾਨ ਪੰਜਾਬ ਦੇ ਵੱਖ-ਵੱਖ ਸਕੂਲਾਂ 'ਚ ਗੁਰਮਤਿ ਕੈਂਪ ਲਾ ਕੇ ਵਿਦਿਆਰਥੀਆਂ ਦੇ ਕੀਰਤਨ, ਗੁਰਬਾਣੀ ਕੰਠ, ਕਵਿਤਾ, ਭਾਸ਼ਣ, ਪ੍ਰਸ਼ਨੋਤਰੀ, ਕਵੀਸ਼ਰੀ ਅਤੇ ਢਾਡੀ ਮੁਕਾਬਲੇ ਕਰਵਾਏ ਗਏ ਸਨ। ਇਨ੍ਹਾਂ ਕੈਂਪਾਂ 'ਚ ਸ਼ਾਮਲ ਹੋਣ ਵਾਲੇ ਪੰਜਾਬ ਭਰ ਦੇ ਸਕੂਲੀ ਵਿਦਿਆਰਥੀਆਂ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਦੇ ਚੱਲ ਰਹੇ ਸਮਾਗਮਾਂ 'ਚ ਸ਼ਮੂਲੀਅਤ ਕੀਤੀ ਗਈ ਸੀ। ਇਸ ਮੌਕੇ ਪਹੁੰਚੇ ਵਿਦਿਆਰਥੀਆਂ, ਸਕੂਲ ਪ੍ਰਬੰਧਕਾਂ ਅਤੇ ਗੁਰਮਤਿ ਦੀ ਸਿਖਲਾਈ ਦੇਣ ਵਾਲੇ ਅਧਿਆਪਕਾਂ ਨੂੰ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਆਦਿ ਨੇ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

PunjabKesari

ਇਸ ਸਮੇਂ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਸਾਨੂੰ ਆਪਣੇ ਬੱਚਿਆਂ ਨੂੰ ਸਿੱਖੀ ਵਿਰਸੇ ਅਤੇ ਗੁਰਮਤਿ ਦੇ ਨਾਲ ਜੋੜਨ ਦਾ ਅਹਿਦ ਕਰਨਾ ਚਾਹੀਦਾ ਹੈ।ਬੱਚਿਆਂ ਨੂੰ ਗੁਰਮਤਿ ਦੀ ਦਿੱਤੀ ਸਿੱਖਿਆ ਨਾਲ ਭਵਿੱਖ 'ਚ ਉਹ ਸਮਾਜ ਦੇ ਆਦਰਸ਼ਕ ਨਾਗਰਿਕ ਬਣ ਸਕਦੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਹਰੇਕ ਸਿੱਖ ਨੂੰ ਆਪਣੇ ਬੱਚਿਆਂ ਨੂੰ ਕੀਰਤਨ ਜ਼ਰੂਰ ਸਿਖਾਉਣਾ ਚਾਹੀਦਾ ਹੈ, ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲਯੁੱਗ 'ਚ ਆਤਮਾ ਦੇ ਪਰਮਾਤਮਾ ਨਾਲ ਮਿਲਾਪ ਲਈ ਕੀਰਤਨ ਨੂੰ ਪ੍ਰਧਾਨਤਾ ਦਿੱਤੀ ਹੈ। ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸਵਰਨ ਸਿੰਘ ਕੁਲਾਰ, ਬੀਬੀ ਗੁਰਪ੍ਰੀਤ ਕੌਰ ਰੂਹੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।

PunjabKesari
ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਕਥਾ-ਕੀਰਤਨ ਦੀ ਛਹਿਬਰ
ਪ੍ਰਕਾਸ਼ ਪੁਰਬ ਦੇ ਸਮਾਗਮਾਂ 'ਚ ਲੱਖਾਂ ਦੀ ਗਿਣਤੀ 'ਚ ਸੰਗਤਾਂ ਦੇਸ਼-ਵਿਦੇਸ਼ ਤੋਂ ਸੁਲਤਾਨਪੁਰ ਲੋਧੀ ਪਹੁੰਚ ਰਹੀਆਂ ਹਨ। ਉਨ੍ਹਾਂ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਹੋਰਨਾਂ ਗੁਰਦੁਆਰਿਆਂ 'ਚ ਮੱਥਾ ਟੇਕਿਆ ਅਤੇ ਪਵਿੱਤਰ ਸਰੋਵਰ 'ਚ ਇਸ਼ਨਾਨ ਕੀਤਾ। ਸ਼੍ਰੋਮਣੀ ਕਮੇਟੀ ਵੱਲੋਂ ਉਲੀਕੇ ਗਏ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਦੀ ਰੂਪ-ਰੇਖਾ ਤਹਿਤ ਅੱਜ ਦੇ ਸਮਾਗਮਾਂ ਦੀ ਆਰੰਭਤਾ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ ਕੋਹਾੜਕਾ ਵੱਲੋਂ ਆਸਾ ਦੀ ਵਾਰ ਦੇ ਕੀਰਤਨ ਨਾਲ ਹੋਈ। ਉਪਰੰਤ ਦਿਨ ਦੇ ਦੀਵਾਨ 'ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸੰਦੀਪ ਸਿੰਘ ਅਤੇ ਭਾਈ ਤਾਰਬਲਬੀਰ ਸਿੰਘ ਦੇ ਰਾਗੀ ਜਥਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਦਾ ਮਨੋਹਰ ਤੇ ਰਸਭਿੰਨਾ ਕੀਰਤਨ ਕੀਤਾ। ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਅਤੇ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਗੁਰਸ਼ਬਦ ਵੀਚਾਰ ਰਾਹੀਂ ਸੰਗਤਾਂ ਨਾਲ ਸਾਂਝ ਪਾਈ।


rajwinder kaur

Content Editor

Related News