ਅਠੌਲਾ ਤੋਂ ਸਜਾਇਆ ਗਿਆ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਨਗਰ ਕੀਰਤਨ

09/23/2019 5:23:59 PM

ਜਲੰਧਰ (ਵਰਿਆਣਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਸ਼ਤਾਬਦੀ ਦਿਵਸ ਨੂੰ ਸਮਰਪਿਤ ਪਿੰਡ ਅਠੌਲਾ ਵਿਖੇ ਸਥਿਤ ਗੁਰਦੁਆਰਾ ਧਰਮਸ਼ਾਲਾ ਤੋਂ ਸੁਲਤਾਨਪੁਰ ਲੋਧੀ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਸੰਗਤਾਂ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਵਾਹਨਾਂ ਦੇ ਵੱਡੇ ਕਾਫਲੇ ਸਹਿਤ ਚੱਲ ਰਹੀਆਂ ਸਨ। ਇਸ ਮਹਾਨ ਨਗਰ ਕੀਰਤਨ 'ਚ ਪਿੰਡ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਹਜ਼ਾਰਾਂ ਦੀ ਗਿਣਤੀ 'ਚ ਸ਼ਾਮਲ ਹੋਈਆਂ। ਨਗਰ ਕੀਰਤਨ ਦੇ ਪੜਾਅ ਦੌਰਾਨ ਵੱਖ-ਵੱਖ ਅਸਥਾਨਾਂ 'ਤੇ ਗੁਰੂ ਘਰ ਦੇ ਸੇਵਾਦਾਰਾਂ ਨੇ ਨਗਰ ਕੀਰਤਨ ਤੇ ਫੁੱਲਾਂ ਦੀ ਵਰਖਾ ਕੀਤੀ। ਇਹ ਨਗਰ ਕੀਰਤਨ ਪਿੰਡ ਅਠੌਲਾ ਤੋਂ ਕੋਹਾਲਾ, ਨਿੱਜਰਾਂ, ਕਾਲਾ ਸੰਘਿਆਂ, ਸੰਧੂ ਚੱਠਾ, ਆਧੀ, ਫਤਿਹਪੁਰ, ਕੁਲਾਰਾਂ, ਤਲਵੰਡੀ ਮਾਧੋ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਉਲੀ ਸਾਹਿਬ ਡੱਲਾ ਤੋਂ ਹੋ ਕੇ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸ਼ਰਧਾਪੂਰਵਕ ਸੰਪੰਨ ਹੋਇਆ।

ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਠੱਟੇ ਟਿੱਬੇ ਵਾਲੇ, ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲੇ, ਸੰਤ ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇ ਅਤੇ ਸੰਤ ਬਾਬਾ ਅਮਰੀਕ ਸਿੰਘ ਖੁਖਰੈਣ ਵਾਲਿਆਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਾਨਵਤਾ ਲਈ ਇਲਾਹੀ ਵਰਦਾਨ ਹੈ। ਇਸ ਅਨੁਸਾਰ ਜੀਵਨ ਬਤੀਤ ਕਰਨ ਵਾਲਿਆਂ 'ਤੇ ਵਾਹਿਗੁਰੂ ਜੀ ਦੀ ਸਦਾ ਬਖਸ਼ਿਸ ਰਹਿੰਦੀ ਹੈ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਸੁਰਜੀਤ ਸਿੰਘ ਚੀਮਾ ਅਤੇ ਗੁਰੂ ਘਰ ਦੇ ਸੇਵਾਦਾਰ ਮਨਜੀਤ ਸਿੰਘ ਸੋਹਲ ਨੇ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਸ ਮਹਾਨ ਨਗਰ ਕੀਰਤਨ 'ਚ ਪਿੰਡ ਅਤੇ ਇਲਾਕੇ ਦੀ ਸੰਗਤ ਭਾਰੀ ਗਿਣਤੀ 'ਚ ਪਹੁੰਚੀ ਹੈ, ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਸੰਗਤ 'ਚ ਆਪਣੇ ਗੁਰੂ ਸਾਹਿਬਾਨ ਪ੍ਰਤੀ ਕਿੰਨੀ ਸ਼ਰਧਾ ਹੈ। ਉਨ੍ਹਾਂ ਨੇ ਦੱਸਿਆ ਕਿ 23 ਸਤੰਬਰ ਨੂੰ ਅਠੌਲਾ ਵਿਖੇ ਗੁਰਦੁਆਰਾ ਧਰਮਸ਼ਾਲਾ 'ਚ ਗੁਰਮਤਿ ਸਮਾਗਮ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤਕ ਕਰਵਾਇਆ ਜਾ ਰਿਹਾ ਹੈ, ਜਿਸ 'ਚ ਰਾਗੀ-ਢਾਡੀ, ਕੀਰਤਨੀ ਅਤੇ ਕਥਾ ਵਾਚਕ ਗੁਰ ਇਤਿਹਾਸ ਦੁਆਰਾ ਸੰਗਤ ਨੂੰ ਨਿਹਾਲ ਕਰਨਗੇ। ਇਸ ਮੌਕੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸਰਪੰਚ ਭੁਪਿੰਦਰ ਕੌਰ ਸੋਹਲ, ਮਨਜੀਤ ਸਿੰਘ ਮੀਤ, ਤਰਸੇਮ ਸਿੰਘ ਆਦਿ ਹਾਜ਼ਰ ਸਨ।

Anuradha

This news is Content Editor Anuradha