ਸੁਲਤਾਨਪੁਰ ਲੋਧੀ: ਬਿਜਲੀ ਦਫ਼ਤਰ 'ਚ ਪਿਆ ਡਾਕਾ, ਲੁਟੇਰਿਆਂ ਨੇ ਬੰਧਕ ਬਣਾਏ ਮੁਲਾਜ਼ਮ, ਲੱਖਾਂ ਦੀ ਚੋਰੀ

01/19/2023 12:54:25 PM

ਸੁਲਤਾਨਪੁਰ ਲੋਧੀ (ਸੋਢੀ)- ਸੁਲਤਾਨਪੁਰ ਲੋਧੀ ਵਿਖੇ ਲੁਟੇਰਿਆਂ ਨੇ ਅੱਧੀ ਰਾਤ ਬਿਜਲੀ ਦਫ਼ਤਰ 'ਚ ਡਾਕਾ ਮਾਰਿਆ। ਇਥੋਂ ਤਕਰੀਬਨ 5 ਕਿਲੋਮੀਟਰ ਦੂਰੀ 'ਤੇ ਬਿਜਲੀ ਦੇ ਗਰਿੱਡ ਸਟੇਸ਼ਨ ਪਿੰਡ ਝੱਲ ਲੇਈ ਵਾਲਾ ’ਚੋਂ ਅਣਪਛਾਤੇ ਲੁਟੇਰਾ ਗਿਰੋਹ ਵੱਲੋਂ ਬਿਜਲੀ ਮਹਿਕਮੇ ਦੇ ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਨੂੰ ਰੱਸੀ ਨਾਲ ਬੰਨ੍ਹ ਕੇ ਲੱਖਾਂ ਦਾ ਕੀਮਤੀ ਸਾਮਾਨ ਚੋਰੀ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗਰਿੱਡ ਸਟੇਸ਼ਨ (ਬਿਜਲੀ ਘਰ) ਵਿਚੋਂ ਲੁਟੇਰਿਆਂ ਨੇ ਕਰੀਬ 3 ਤੋਂ 4 ਲੱਖ ਰੁਪਏ ਦੀਆਂ ਤਾਂਬੇ ਦੀਆਂ ਤਾਰਾਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਹੈ। ਇਸ ਘਟਨਾ ਸਬੰਧੀ ਖ਼ਬਰ ਮਿਲਦੇ ਹੀ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਪਾਰਟੀ ਪੁੱਜ ਗਈ, ਜਿਨ੍ਹਾਂ ਮੌਕੇ ’ਤੇ ਪਹੁੰਚ ਕੇ ਬਿਜਲੀ ਦੇ ਗਰਿੱਡ ਸਟੇਸ਼ਨ 'ਤੇ ਹੋਈ ਚੋਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬਿਜਲੀ ਕਰਮਚਾਰੀ ਰਾਜ ਕੁਮਾਰ ਪੁੱਤਰ ਚਰਨਦਾਸ ਵਾਸੀ ਖੈੜਾ ਦੋਨਾ ਨੇ ਦੱਸਿਆ ਕਿ ਉਹ ਇੱਥੇ ਬਤੌਰ ਐੱਸ. ਐੱਸ. ਏ. ਡਿਊਟੀ ਨਿਭਾਅ ਰਿਹਾ ਹੈ ਅਤੇ ਜਸਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਸੁਲਤਾਨਪੁਰ ਲੋਧੀ ਇਥੇ ਬਤੌਰ ਸਕਿਓਰਿਟੀ ਗਾਰਡ ਸੇਵਾ ਨਿਭਾਅ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ 5 ਵਜੇ ਉਹ ਆਪਣੀ ਡਿਊਟੀ ’ਤੇ ਹਾਜ਼ਰ ਹੋਏ ਸਨ ਅਤੇ ਰਾਤ ਦੇ ਕਰੀਬ 12 ਵਜੇ ਗਰਿੱਡ ਸਟੇਸ਼ਨ ਦੇ ਪਿਛਲੇ ਦਰਵਾਜੇ ਰਾਹੀਂ 5-6 ਨਕਾਬਪੋਸ਼ ਲੁਟੇਰੇ ਕੰਟਰੋਲ ਰੂਮ ਵਿਚ ਦਾਖ਼ਲ ਹੋਏ, ਜਿਨ੍ਹਾਂ ਦੇ ਹੱਥਾਂ ਵਿਚ ਤੇਜ਼ਧਾਰ ਹਥਿਆਰਾਂ ਸਨ ਅਤੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਕ ਰੱਸੀ ਨਾਲ ਸਾਨੂੰ ਦੋਹਾਂ ਨੂੰ ਲੁਟੇਰਿਆਂ ਨੇ ਥੰਮ੍ਹ ਨਾਲ ਬੰਨ੍ਹ ਦਿੱਤਾ ਅਤੇ ਸਾਡੇ ਮੋਬਾਇਲ ਖੋਹ ਲਏ। ਉਨ੍ਹਾਂ ਹੋਰ ਦੱਸਿਆ ਕਿ ਗਰਿੱਡ ਦਾ ਸਰਕਾਰੀ ਫੋਨ ਵੀ ਖੋਹ ਕੇ ਉਨ੍ਹਾਂ ਨੇ ਕੰਧ ਵਿਚ ਮਾਰ ਕੇ ਤੋੜ ਦਿੱਤਾ ਅਤੇ ਸਾਡੀ ਕੁੱਟਮਾਰ ਕਰਦੇ ਹੋਏ ਜਾਨੋਂ-ਮਾਰਨ ਦੀਆਂ ਧਮਕੀਆਂ ਦਿੰਦੇ ਰਹੇ।

ਇਹ ਵੀ ਪੜ੍ਹੋ : ਖੰਨਾ ਪੁਲਸ ਦੀ ਵੱਡੀ ਸਫ਼ਲਤਾ, ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਤੋਂ ਸਵਾ ਕਰੋੜ ਦੀ ਚਾਂਦੀ ਕੀਤੀ ਬਰਾਮਦ

ਉਨ੍ਹਾਂ ਦੱਸਿਆ ਕਿ 2 ਬੰਦੇ ਸਾਡੀ ਨਿਗਰਾਨੀ ਲਈ ਸਾਡੇ ਕੋਲ ਹਥਿਆਰਾਂ ਸਮੇਤ ਬੈਠੇ ਰਹੇ ਅਤੇ ਮੇਜ ਉਪਰ ਬੈਠ ਕੇ ਸ਼ਰਾਬ ਪੀਂਦੇ ਰਹੇ ਜਦਕਿ 4 ਬਾਕੀ ਬੰਦੇ ਗਰਿੱਡ ਸਟੇਸ਼ਨ ਦੀ ਫਰੋਲਾ ਫਰਾਲੀ ਕਰਦੇ ਰਹੇ ਅਤੇ ਤੜਕੇ ਸਵਾ 3 ਵਜੇ ਦੇ ਕਰੀਬ ਉਹ ਸਾਨੂੰ ਥੰਮ ਨਾਲ ਬੰਨਿਆ ਹੋਇਆ ਨੂੰ ਛੱਡ ਕੇ ਚਲੇ ਗਏ ਅਤੇ ਅਸੀਂ ਬੜੀ ਮੁਸ਼ਕਿਲ ਨਾਲ ਰੱਸੀ ਨਾਲ ਬੰਨ੍ਹੇ ਹੋਏ ਆਪਣੇ ਹੱਥ ਖੋਲ੍ਹੇ ਅਤੇ ਬਾਹਰ ਆ ਕੇ ਵੇਖਿਆ ਤਾਂ ਸਾਡਾ ਨਿੱਜੀ ਮੋਬਾਇਲ ਮੇਨ ਗੇਟ ਦੇ ਕੋਲ ਪਿਆ ਸੀ, ਜੋ ਲੈ ਕੇ ਅਸੀਂ ਆਪਣੇ ਉੱਚ ਅਧਿਕਾਰੀਆਂ ਅਤੇ ਪਿੰਡ ਝੱਲ ਲੇਈ ਵਾਲਾ ਵਾਸੀਆਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਤੁਰੰਤ ਗਰਿੱਡ ਵਿਖੇ ਪਹੁੰਚ ਕੇ ਸਾਨੂੰ ਹੌਸਲਾ ਦਿੱਤਾ।


ਇਸ ਸਮੇਂ ਜ‍ਾਂਚ ਲਈ ਪੁੱਜੇ ਗਰਿੱਡ ਦੇ ਇੰਚਾਰਜ ਜੇ. ਈ. ਡੇਵਿਡ ਬਵੇਜਾ ਨੇ ਦੱਸਿਆ ਕਿ ਲੁਟੇਰੇ ਗਰਿੱਡ ਦੇ ਸਟੋਰਾਂ ਦੇ ਦਰਵਾਜ਼ੇ ਤੋੜ ਕੇ ਅੰਦਰ ਪਈਆਂ ਤਾਂਬੇ ਦੀਆਂ ਤਾਰਾਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 4 ਲੱਖ ਰੁਪਏ ਦੇ ਲਗਭਗ ਬਣਦੀ ਹੈ। ਪੁਲਸ ਅਧਿਕਾਰੀਆਂ ਦਾਅਵਾ ਕੀਤਾ ਕਿ ਚੋਰ ਗਿਰੋਹ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ।

ਇਹ ਵੀ ਪੜ੍ਹੋ : ਭਿਆਨਕ ਠੰਡ ’ਚ ਲੋਕ ਰਹਿਣ ਸਾਵਧਾਨ, ਲਾਪਰਵਾਹੀ ਨਾਲ ਹੋ ਸਕਦੈ ਹਾਰਟ ਅਟੈਕ ਦਾ ਖ਼ਤਰਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 

shivani attri

This news is Content Editor shivani attri