ਪਵਿੱਤਰ ਕਾਲੀ ਵੇਈਂ ''ਚ ਪੈ ਰਹੇ ਗੰਦੇ ਪਾਣੀ ਨੂੰ 31 ਅਕਤੂਬਰ ਤੱਕ ਰੋਕਣ ਦੀਆਂ ਹਦਾਇਤਾਂ

10/18/2019 12:47:25 PM

ਸੁਲਤਾਨਪੁਰ ਲੋਧੀ (ਬਿਊਰੋ) - ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਬਣਾਈ ਗਈ ਨਿਗਰਾਨ ਕਮੇਟੀ ਦੇ ਮੁਖੀ ਜਸਟਿਸ ਜਸਬੀਰ ਸਿੰਘ ਨੇ ਅਧਿਕਾਰੀਆਂ ਨੂੰ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ 'ਚ ਪੈ ਰਹੇ ਗੰਦੇ ਪਾਣੀ ਨੂੰ 31 ਅਕਤੂਬਰ ਤੱਕ ਰੋਕੇ ਜਾਣ ਦੀ ਹਦਾਇਤਾਂ ਜਾਰੀ ਕੀਤੀਆਂ ਹਨ। ਇਹ ਹਦਾਇਤ ਉਨ੍ਹਾਂ ਇਸ ਕਰਕੇ ਜਾਰੀ ਕੀਤੀ ਤਾਂਕਿ 550ਵੇਂ ਪ੍ਰਕਾਸ਼ ਪੁਰਬ ਮੌਕੇ ਆਉਣ ਵਾਲਿਆਂ ਸੰਗਤਾਂ ਸਾਫ਼ ਸੁਥਰੇ ਪਾਣੀ 'ਚ ਇਸ਼ਨਾਨ ਕਰ ਸਕਣ। ਜਾਣਕਾਰੀ ਅਨੁਸਾਰ ਨਿਗਰਾਨ ਕਮੇਟੀ ਦੇ ਮੁਖੀ ਨੇ ਵਾਤਾਵਰਣ ਪ੍ਰੇਮੀ ਤੇ ਨਿਗਰਾਨ ਕਮੇਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਪਵਿੱਤਰ ਕਾਲੀ ਵੇਈਂ ਦਾ ਦੌਰਾ ਕੀਤਾ, ਜਿੱਥੇ ਅੱਜ ਵੀ ਵੇਈਂ 'ਚ ਗੰਦਾ ਪਾਣੀ ਪੈ ਰਿਹਾ ਹੈ।

ਕਪੂਰਥਲਾ ਦੇ ਡੀ.ਸੀ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਹਦਾਇਤ ਕੀਤੀ ਕਿ ਵੇਈਂ 'ਚ ਪੈ ਰਹੇ ਗੰਦੇ ਪਾਣੀ ਹਰ ਹਾਲ 'ਚ ਰੋਕਿਆ ਜਾਵੇ।ਉਨ੍ਹਾਂ ਕਿਹਾ ਕਿ ਜੇ ਥੋੜ੍ਹੇ ਸਮੇਂ 'ਚ ਪੱਕੇ ਤੌਰ 'ਤੇ ਪ੍ਰਬੰਧ ਨਹੀਂ ਹੋ ਸਕਦੇ ਤਾਂ ਇਸ ਦੇ ਆਰਜ਼ੀ ਤੌਰ 'ਤੇ ਪ੍ਰਬੰਧ ਕਰਕੇ ਇਸ ਨੂੰ ਯਾਕੀਨੀ ਬਣਾਇਆ ਜਾਵੇ । ਇਸ ਦੌਰਾਨ ਉਨ੍ਹਾਂ ਨੇ ਸੈਦੋ ਭੁਲਾਣਾ ਦੀਆਂ ਕਲੋਨੀਆਂ ਅਤੇ ਖੈੜਾ ਬੇਟ ਪਿੰਡ ਦਾ ਵੀ ਦੌਰਾ ਕੀਤਾ, ਜਿਥੋਂ ਦਾ ਗੰਦਾ ਪਾਣੀ ਵੇਈਂ 'ਚ ਜਾ ਰਿਹਾ ਹੈ। ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਲਈ ਪ੍ਰਬੰਧ ਕਰਨ ਵਾਸਤੇ ਜਿਹੜੀ ਕੰਪਨੀ ਨੂੰ ਕੰਮ ਦਿੱਤਾ ਗਿਆ ਹੈ ਉਸ ਦਾ ਸੀ.ਈ.ਓ. ਇਹ ਯਾਕੀਨੀ ਬਣਾਏਗਾ ਕਿ ਮੇਲੇ ਦੌਰਾਨ ਸੁਲਤਾਨਪੁਰ ਲੋਧੀ ਅਤੇ ਆਲੇ ਦੁਆਲੇ ਦੇ ਇਲਾਕੇ 'ਚ ਕਿਸੇ ਤਰ੍ਹਾਂ ਦੀ ਗੰਦਗੀ ਨਹੀਂ ਪੈਣ ਦਿੱਤੀ ਜਾਵੇਗੀ। ਮੇਲੇ ਦੇ ਮੁੱਖ ਪ੍ਰਬੰਧਕ ਨੇ ਜੇ ਅਜਿਹਾ ਨਾ ਕੀਤਾ ਤਾਂ ਉਨ੍ਹਾਂ ਨੂੰ ਮੋਟੇ ਜ਼ੁਰਮਾਨੇ ਲਾਏ ਜਾਣਗੇ।

ਜਸਟਿਸ ਜਸਬੀਰ ਸਿੰਘ ਨੇ ਕਿਹਾ ਕਿ ਬਾਬੇ ਨਾਨਕ ਦੀ ਵੇਈਂ ਦੀ ਮਹਤੱਤਾ ਅਤੇ ਪਵਿੱਤਰਤਾ ਨੂੰ ਬਹਾਲ ਰੱਖਣ ਵੱਲ ਧਿਆਨ ਨਹੀਂ ਦਿੱਤਾ ਗਿਆ। ਵੇਈਂ ਨੂੰ ਸੁੰਦਰ ਬਣਾਉਣ ਨਾਲੋਂ ਇਸ ਦੇ ਪਾਣੀ 'ਚ ਪੈ ਰਹੀ ਗੰਦਗੀ ਨੂੰ ਰੋਕਣਾ ਜ਼ਿਆਦਾ ਜ਼ਰੂਰੀ ਹੈ।ਉਨ੍ਹਾਂ ਪੰਜਾਬ ਸਰਕਾਰ ਨੂੰ ਹਦਾਇਤਾਂ ਕੀਤੀਆਂ ਕਿ ਉਹ ਤਰੁੰਤ ਪਵਿੱਤਰ ਕਾਲੀ ਵੇਈਂ 'ਚ ਸਾਫ਼ ਪਾਣੀ ਛੱਡੇ।

rajwinder kaur

This news is Content Editor rajwinder kaur