550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸੁਲਤਾਨਪੁਰ ਲੋਧੀ ਪੁੱਜੇ ਮਜੀਠੀਆ

10/14/2019 9:31:41 PM

ਸੁਲਤਾਨਪੁਰ ਲੋਧੀ,(ਸੋਢੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਅੱਜ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਸੁਲਤਾਨਪੁਰ ਲੋਧੀ ਪੁੱਜੇ। ਮਜੀਠੀਆ ਨੇ ਪਹਿਲਾਂ ਆਪਣੇ ਹਲਕੇ ਮਜੀਠੇ ਦੇ ਵੱਡੀ ਗਿਣਤੀ 'ਚ ਪਾਰਟੀ ਵਰਕਰਾਂ ਸਮੇਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਦਰਸ਼ਨ ਕੀਤੇ ਤੇ ਇਸ ਉਪਰੰਤ ਸੁਲਤਾਨਪੁਰ ਲੋਧੀ ਨੂੰ ਵਾਈਟ ਸਿਟੀ ਬਣਾਉਣ ਦੀ ਚੱਲ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ 'ਚ ਹਿੱਸਾ ਪਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇਥੇ ਗੁਰੂ ਘਰ 'ਚ ਲੰਗਰ ਦੀ ਸੇਵਾ ਵੀ ਕੀਤੀ।

ਉਨ੍ਹਾਂ ਪਾਰਟੀ ਦੇ ਯੂਥ ਵਰਕਰਾਂ ਨਾਲ ਸਥਾਨਕ ਰੈਸਟੋਰੈਟ 'ਚ ਮੀਟਿੰਗ ਵੀ ਕੀਤੀ ਤੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਪੂਰੀ ਸ਼ਾਨੋ ਸ਼ੌਕਤ ਨਾਲ ਮਨਾਏ ਜਾਣਗੇ । ਮਜੀਠੀਆ ਨੇ ਸੁਲਤਾਨਪੁਰ ਲੋਧੀ ਵਿਖੇ 550 ਵੇਂ ਪ੍ਰਕਾਸ਼ ਪੁਰਬ ਤੇ ਸੂਬਾ ਸਰਕਾਰ ਤੇ ਕਾਂਗਰਸ ਪਾਰਟੀ ਵਲੋਂ ਵੱਖਰੀ ਸਟੇਜ ਲਗਾਉਣ ਦੇ ਮਾਮਲੇ ਸੰਬੰਧੀ ਕਿਹਾ ਕਿ ਕਾਂਗਰਸ ਆਪਣੀ ਪੁਰਾਣੀ ਚਾਲ 'ਵੰਡੋ ਤੇ ਰਾਜ ਕਰੋ' ਦੀ ਨੀਤੀ 'ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਲਈ ਸਭ ਤੋਂ ਸੁਪਰੀਮ ਹੈ ਤੇ ਕੈਪਟਨ ਅਮਰਿੰਦਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਵਿਰੁੱਧ ਜਾ ਕੇ ਵੱਖਰਾ ਸਮਾਗਮ ਕਰਵਾਉਣਗੇ ਤਾਂ ਕੌਮ ਉਨ੍ਹਾਂ ਨੂੰ ਮਾਫ ਨਹੀ ਕਰੇਗੀ ।

ਇਸ ਸਮੇ ਉਨ੍ਹਾਂ ਨਾਲ ਜਥੇ ਸੁਖਦੇਵ ਸਿੰਘ ਨਾਨਕਪੁਰ ਸੀਨੀਅਰ ਅਕਾਲੀ ਆਗੂ , ਸੁਲਤਾਨਪੁਰ ਲੋਧੀ ਦੇ ਪ੍ਰਮੁੱਖ ਸੀਨੀਅਰ ਅਕਾਲੀ ਆਗੂ ਸੱਜਣ ਸਿੰਘ ਚੀਮਾ,  ਚੇਅਰਮੈਨ ਗੁਰਜੰਟ ਸਿੰਘ ਸੰਧੂ , ਰਾਕੇਸ਼ ਨੀਟੂ ਸੀਨੀਅਰ  ਭਾਜਪਾ ਆਗੂ , ਕਰਨਜੀਤ ਸਿੰਘ ਆਹਲੀ ਮੀਤ ਪ੍ਰਧਾਨ ਦੋਆਬਾ ਜੋਨ , ਰਾਜੀਵ ਧੀਰ ਪ੍ਰਧਾਨ ਸ਼ਹਿਰੀ ਅਕਾਲੀ ਦਲ ਸੁਲਤਾਨਪੁਰ , ਦਿਨੇਸ਼ ਧੀਰ ਸਾਬਕਾ ਪ੍ਰਧਾਨ , ਬਲਵਿੰਦਰ ਸਿੰਘ ਤੁੜ , ਸੁਰਜੀਤ ਸਿੰਘ ਢਿੱਲੋਂ , ਸਤਨਾਮ ਸਿੰਘ ਤੇ ਹੋਰਨਾਂ ਸ਼ਿਰਕਤ ਕੀਤੀ ।