ਸੁਲਤਾਨਪੁਰ ਲੋਧੀ ''ਚ 2219 ਤੰਬੂਆਂ ਦਾ ਟੈਂਟ ਸਿਟੀ 1 ਸਤੰਬਰ ਤੋਂ ਸੰਗਤਾਂ ਦੀ ਸੇਵਾ ''ਚ

10/13/2019 2:35:50 PM

ਸੁਲਤਾਨਪੁਰ ਲੋਧੀ (ਹਰਪ੍ਰੀਤ ਸਿੰਘ ਕਾਹਲੋਂ) : 20 ਹਜ਼ਾਰ ਦੀ ਆਬਾਦੀ ਵਾਲੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਸ਼ਰਧਾ ਨੂੰ ਸਿਜਦਾ ਹੋਣ ਪਹੁੰਚਣਗੀਆਂ। ਸੰਗਤਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਨੇ 277 ਏਕੜ 'ਚ ਸੁਲਤਾਨਪੁਰ ਲੋਧੀ ਦੇ 3 ਵੱਖ-ਵੱਖ ਹਿੱਸਿਆਂ 'ਚ ਟੈਂਟ ਸਿਟੀ ਦਾ ਬੰਦੋਬਸਤ ਕੀਤਾ ਹੈ। 52.83 ਕਰੋੜ ਦੀ ਲਾਗਤ ਨਾਲ ਬਣੇ 2219 ਤੰਬੂਆਂ ਦੀ ਸਮਰੱਥਾ ਰੱਖਦੇ ਟੈਂਟ ਸਿਟੀ 'ਚ 35 ਹਜ਼ਾਰ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਹੈ। 

ਟੈਂਟ ਸਿਟੀ ਦਾ ਨਿਰਮਾਣ ਕਰ ਰਹੇ ਗਿਰਧਾਰੀ ਲਾਲ ਐਂਡ ਸਨਜ਼ ਦੇ ਪ੍ਰਾਜੈਕਟ ਮੈਨੇਜਰ ਪੰਕਜ ਸ਼ਰਮਾ ਮੁਤਾਬਕ ਟੈਂਟ ਸਿਟੀ ਨੂੰ 3 ਥਾਵਾਂ 'ਤੇ ਵੰਡਿਆ ਗਿਆ ਹੈ। 1 ਨੰਬਰ ਟੈਂਟ ਸਿਟੀ ਗੁਰਦੁਆਰਾ ਬੇਰ ਸਾਹਿਬ ਦੇ ਪਿੱਛੇ ਕਾਲੀ ਵੇਈਂ ਦੇ ਕੰਢੇ ਬਣਾਈ ਗਈ ਹੈ। 2 ਨੰਬਰ ਟੈਂਟ ਸਿਟੀ ਲੋਹੀਆਂ ਸੜਕ 'ਤੇ ਸਥਿਤ ਹੈ ਅਤੇ 3 ਨੰਬਰ ਟੈਂਟ ਸਿਟੀ ਕਪੂਰਥਲਾ ਤੋਂ ਆਉਂਦੇ ਸੁਲਤਾਨਪੁਰ ਲੋਧੀ ਰੋਡ 'ਤੇ ਸਥਿਤ ਹੈ। ਪੰਕਜ ਦੱਸਦੇ ਹਨ ਕਿ ਅਸੀਂ ਟੈਂਟ ਸਿਟੀ ਦੇ ਲਈ ਸਾਫ਼-ਸਫਾਈ, ਬੁਨਿਆਦੀ ਪ੍ਰਬੰਧਾਂ ਤੋਂ ਲੈ ਕੇ ਇਸਦੇ ਨਿਰਮਾਣ ਦਾ ਕਾਰਜ 28 ਜੂਨ ਤੋਂ ਸ਼ੁਰੂ ਕੀਤਾ ਸੀ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਟੈਂਟ ਸਿਟੀ ਅਤੇ ਪੰਡਾਲ ਦਾ ਕੰਮ 20 ਅਕਤੂਬਰ ਤੱਕ ਮੁਕੰਮਲ ਕਰ ਦੇਵਾਂਗੇ । ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਟੈਂਟ ਸਿਟੀ 1 ਨਵੰਬਰ ਤੋਂ ਸੰਗਤਾਂ ਦੀ ਸੇਵਾ 'ਚ ਹਾਜ਼ਰ ਹੋਵੇਗੀ ਅਤੇ ਫਿਲਹਾਲ ਦੀ ਜਾਣਕਾਰੀ ਮੁਤਾਬਕ 20 ਨਵੰਬਰ ਤੱਕ ਸੰਗਤਾਂ ਟੈਂਟ ਸਿਟੀ 'ਚ ਠਹਿਰਾਅ ਕਰ ਸਕਦੀਆਂ ਹਨ।

ਗਿਰਧਾਰੀ ਲਾਲ ਐਂਡ ਸੰਨਜ਼ (1959) 
65 ਦਾ ਲੰਮਾ ਤਜਰਬਾ ਰੱਖਦੀ ਈਵੈਂਟ ਮੈਨੇਜਮੈਂਟ ਦੀ ਇਹ ਕੰਪਨੀ ਇੰਦੌਰ ਤੋਂ ਹੈ। ਅਜਿਹੇ ਧਾਰਮਿਕ ਸਮਾਗਮਾਂ ਦਾ ਇਸ ਕੰਪਨੀ ਦਾ ਪੁਰਾਣਾ ਤਜ਼ਰਬਾ ਹੈ। ਕੁੰਭ ਮੇਲੇ ਦੌਰਾਨ ਟੈਂਟਾਂ ਦਾ ਪ੍ਰਬੰਧ ਅਤੇ ਪਟਨਾ ਸਾਹਿਬ ਵਿਖੇ 350ਵੇਂ ਗੁਰੂ ਗੋਬਿੰਦ ਸਿੰਘ ਪ੍ਰਕਾਸ਼ ਪੁਰਬ ਮੌਕੇ ਟੈਂਟ ਸਿਟੀ ਦਾ ਨਿਰਮਾਣ ਵੀ ਇਸੇ ਕੰਪਨੀ ਨੇ ਹੀ ਕੀਤਾ ਸੀ। ਕੰਪਨੀ ਦੇ ਮੁਖੀ ਪ੍ਰਦਿਊਮਨ ਸਿੰਗਲ ਅਤੇ ਉਨ੍ਹਾਂ ਦੇ ਸਪੁੱਤਰ ਚੈਤੰਨਿਆ ਸਿੰਗਲ ਖੁਦ ਇਨ੍ਹਾਂ ਦਿਨਾਂ 'ਚ ਸੁਲਤਾਨਪੁਰ ਲੋਧੀ ਵਿਖੇ ਹਾਜ਼ਰ ਹਨ। ਪ੍ਰਦਿਊਮਨ ਸਿੰਗਲ ਕਹਿੰਦੇ ਹਨ ਕਿ ਬੇਸ਼ੱਕ ਉਨ੍ਹਾਂ ਦਾ ਤਜ਼ਰਬਾ ਇਸ ਖੇਤਰ 'ਚ ਲੰਮਾ ਹੈ ਪਰ ਪੰਜਾਬ ਦੀ ਸੇਵਾ ਭਾਵਨਾ ਅਤੇ ਪੰਜਾਬੀਆਂ ਦੇ ਸਹਿਯੋਗ ਨਾਲ ਇਹ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਤਜ਼ਰਬਾ ਰਿਹਾ ਹੈ।

ਟੈਂਟ ਸਿਟੀ ਅੰਦਰ ਸਹੂਲਤਾਂ
ਇਹਨੂੰ ਪੂਰੇ ਨਗਰ ਵਿਕਾਸ ਦੇ ਬੁਨਿਆਦੀ ਪ੍ਰਬੰਧ ਦੀ ਤਰ੍ਹਾਂ ਉਲੀਕਿਆ ਗਿਆ ਹੈ। ਹਰ ਟੈਂਟ ਸਿਟੀ ਦੇ ਅੰਦਰ ਰਹਿਣ ਵਾਲੀਆਂ ਸੰਗਤਾਂ ਦੀ ਪਾਰਕਿੰਗ ਦਾ ਪ੍ਰਬੰਧ ਇਨ੍ਹਾਂ ਟੈਂਟ ਸਿਟੀ ਦੇ ਅੰਦਰ ਹੀ ਹੋਵੇਗਾ। ਇਸ ਤੋਂ ਇਲਾਵਾ ਰਜਿਸਟਰੇਸ਼ਨ ਅਤੇ ਹੋਰ ਪੁੱਛਗਿੱਛ ਲਈ ਐਡਮਿਨ ਬਲਾਕ, ਜੋੜਾ ਘਰ, ਲੰਗਰ ਹਾਲ ,ਰਸੋਈ,ਲੰਗਰ ਦੇ ਲਈ ਸਟੋਰ,ਗੱਠੜੀ ਘਰ ਦਾ ਪ੍ਰਬੰਧ ਰੱਖਿਆ ਹੈ। ਆਈਆਂ ਸੰਗਤਾਂ ਦੀ ਸਿਹਤ ਸਹੂਲਤ ਨੂੰ ਧਿਆਨ 'ਚ ਰੱਖਦੇ ਹਾਂ ਹਰ ਟੈਂਟ ਸਿਟੀ ਦੇ ਅੰਦਰ ਮੈਡੀਕਲ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ। 

ਟੈਂਟ ਸਿਟੀ ਦੇ ਪ੍ਰੋਜੈਕਟ ਮੈਨੇਜਰ ਪੰਕਜ ਸ਼ਰਮਾ ਮੁਤਾਬਕ ਸਭ ਤੋਂ ਵੱਡਾ ਮੈਡੀਕਲ ਬਲਾਕ ਟੈਂਟ ਸਿਟੀ ਨੰਬਰ ਤਿੰਨ 'ਚ ਰੱਖਿਆ ਗਿਆ ਹੈ। 13 ਹਜ਼ਾਰ ਸਕੇਅਰ ਫੁੱਟ ਦੇ ਇਸ ਮੈਡੀਕਲ ਬਲਾਕ 'ਚ 100 ਮੰਜਿਆਂ ਦਾ ਪ੍ਰਬੰਧ ਕੀਤਾ ਗਿਆ ਹੈ। ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ 225 ਕੈਮਰੇ ਵੀ ਲਗਾਏ ਗਏ ਹਨ। ਇਹ ਕੈਮਰੇ ਲੰਮੀ ਦੂਰੀ 'ਚ ਵੇਖਣ ਵਾਲੇ ਪੀ ਟੀ ਜ਼ੈੱਡ ਅਤੇ ਸਧਾਰਨ ਕੈਮਰੇ ਹਨ।

ਟੈਂਟ ਸਿਟੀ ਦੇ ਅੰਦਰ ਸੰਗਤਾਂ ਲਈ ਮੰਜੇ
ਬਿਸਤਰੇ, ਬਿਜਲੀ, ਮੇਜ਼-ਕੁਰਸੀਆਂ ਅਤੇ ਸ਼ੀਸ਼ੇ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰ ਟੈਂਟ ਸਿਟੀ ਦੇ ਅੰਦਰ ਆਈਆਂ ਸੰਗਤਾਂ ਦੇ ਲਈ ਪ੍ਰਤੀ 20 ਬੰਦਿਆਂ ਪਿੱਛੇ ਜਨਤਕ ਪਖਾਨਿਆਂ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਹਰ ਟੈਂਟ ਸਿਟੀ ਦੇ ਅੰਦਰ ਫਾਇਰ ਸਟੇਸ਼ਨ ਵੀ ਉਸਾਰੇ ਗਏ ਹਨ। ਆਈਆਂ ਸੰਗਤਾਂ ਲਈ ਸਾਫ ਪਾਣੀ ਦਾ ਪ੍ਰਬੰਧ ਧਿਆਨ ਵਿੱਚ ਰੱਖਦਿਆਂ ਵੱਡਾ ਆਰ ਓ ਪ੍ਰੋਜੈਕਟ ਵੀ ਲਾਇਆ ਗਿਆ ਹੈ।

ਮੁੱਖ ਸਮਾਗਮ ਪੰਡਾਲ
ਗੁਰਦੁਆਰਾ ਬੇਰ ਸਾਹਿਬ ਦੇ ਪਿਛਲੇ ਪਾਸੇ ਕਾਲੀ ਵੇਈਂ ਦੇ ਕੰਢੇ ਮੁੱਖ ਪੰਡਾਲ ਬਣਾਇਆ ਗਿਆ ਹੈ। 16 ਹਜ਼ਾਰ ਸਕੇਅਰ ਫੁੱਟ ਦੇ ਇਸ ਪੰਡਾਲ ਵਿੱਚ 40+40 ਦੀਆਂ 3 ਸਟੇਜਾਂ ਹਨ। ਇਸ ਪੰਡਾਲ 'ਚ 20 ਹਜ਼ਾਰ ਬੰਦਿਆਂ ਦੇ ਬਹਿਣ ਦਾ ਪ੍ਰਬੰਧ ਹੈ ਅਤੇ ਪੰਡਾਲ ਦੇ ਨਾਲ ਵੀ.ਆਈ.ਪੀ. ਲਈ 5 ਏਕੜ ਅਤੇ ਸੰਤ ਸਮਾਜ ਲਈ 10 ਏਕੜ 'ਚ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। 

ਧਿਆਨ ਦੇਣ ਯੋਗ ਗੱਲਾਂ 
ਗੁਰਪੁਰਬ ਮੌਕੇ ਦਰਸ਼ਨ ਕਰਨ ਪਹੁੰਚੀਆਂ ਸੰਗਤਾਂ ਨੂੰ ਆਪਣੇ ਨਾਲ ਇਕ ਪਛਾਣ ਪੱਤਰ ਲਿਆਉਣਾ ਜ਼ਰੂਰੀ ਹੋਵੇਗਾ। ਟੈਂਟ ਸਿਟੀ ਲਈ ਬਹੁਤ ਛੇਤੀ ਸੂਬਾ ਸਰਕਾਰ ਦੀ ਵੈੱਬਸਾਈਟ ਤੇ ਆਨਲਾਈਨ ਬੁਕਿੰਗ ਸ਼ੁਰੂ ਹੋ ਜਾਵੇਗੀ ਅਤੇ ਇਸ ਬੁਕਿੰਗ ਤੋਂ ਬਾਅਦ ਟੈਂਟ ਸਿਟੀ ਪਹੁੰਚ ਕੇ ਰਜਿਸਟ੍ਰੇਸ਼ਨ ਕਰਾਉਣੀ ਜ਼ਰੂਰੀ ਹੋਵੇਗੀ ਰਜਿਸਟ੍ਰੇਸ਼ਨ ਦੇ ਦੌਰਾਨ ਇਕ ਪਛਾਣ ਪੱਤਰ ਹਰ ਬੰਦੇ ਨੂੰ ਦਿੱਤਾ ਜਾਵੇਗਾ। ਫਿਲਹਾਲ ਦੀ ਜਾਣਕਾਰੀ ਮੁਤਾਬਕ ਇਕ ਬੰਦਾ ਆਨਲਾਈਨ ਬੁਕਿੰਗ ਦੌਰਾਨ ਆਪਣਾ ਪਛਾਣ ਪੱਤਰ ਦੇ ਕੇ ਆਪਣੇ ਨਾਲ ਪੰਦਰਾਂ ਜਣਿਆਂ ਦੀ ਬੁਕਿੰਗ ਕਰ ਸਕਦਾ ਹੈ। ਫਿਲਹਾਲ ਸੂਬਾ ਸਰਕਾਰ ਇਸ ਤੇ ਵਿਚਾਰ ਕਰ ਰਹੀ ਹੈ ਅਤੇ ਇਨ੍ਹਾਂ ਨਿਯਮਾਂ ਦੇ 'ਚ ਨਿੱਕੇ ਮੋਟੇ ਫੇਰਬਦਲ ਕਰ ਕੇ ਛੇਤੀ ਹੀ ਆਨਲਾਈਨ ਬੁਕਿੰਗ ਦੀ ਸਹੂਲਤ ਸ਼ੁਰੂ ਕਰ ਦਿੱਤੀ ਜਾਵੇਗੀ।

ਟੈਂਟ ਸਿਟੀ ਦੀ ਬਣਤਰ 
ਸੁਲਤਾਨਪੁਰ ਲੋਧੀ ਵਿਖੇ ਟੈਂਟ ਸਿਟੀ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। 

ਟੈਂਟ ਸਿਟੀ 60 ਜਣਿਆਂ ਦੀ ਸਮਰੱਥਾ ਵਾਲੇ ਤੰਬੂ 15 ਜਣਿਆਂ ਦੀ ਸਮਰੱਥਾ ਵਾਲੇ ਤੰਬੂ 4 ਜਣਿਆਂ ਦੀ ਸਮਰੱਥਾ ਵਾਲੇ ਤੰਬੂ 2 ਜਣਿਆਂ ਦੀ ਸਮਰੱਥਾ ਵਾਲੇ ਤੰਬੂ
1 ਟੈਂਟ ਸਿਟੀ ਗੁਰਦੁਆਰਾ ਬੇਰ ਸਾਹਿਬ 171 300 350 175
2 ਟੈਂਟ ਸਿਟੀ ਲੋਹੀਆਂ ਸੜਕ    62 100 138 88
3 ਟੈਂਟ ਸਿਟੀ ਕਪੂਰਥਲਾ ਸੜਕ 134    200   288   213


ਇਸ ਤੋਂ ਇਲਾਵਾ ਖਾਸ ਗੱਲ ਇਹ ਹੈ ਕਿ 4 ਅਤੇ 2 ਦੀ ਸਮਰੱਥਾ ਵਾਲੇ ਤੰਬੂਆਂ ਵਿੱਚ ਅਟੈਚਡ ਬਾਥਰੂਮ ਅਤੇ ਮੇਜ਼-ਕੁਰਸੀ-ਸ਼ੀਸ਼ੇ ਦਾ ਪ੍ਰਬੰਧ ਵੀ ਹੈ। ਗੁਰਪੁਰਬ ਮੌਕੇ ਸੁਰੱਖਿਆ ਅਤੇ ਸੰਗਤਾਂ ਦੀ ਮਦਦ ਨੂੰ ਧਿਆਨ ਵਿੱਚ ਰੱਖਦਿਆਂ 5 ਹਜ਼ਾਰ ਪੁਲੀਸ ਅਤੇ ਸਿਵਲ ਸਟਾਫ਼ ਦੇ ਰਹਿਣ ਦਾ ਪ੍ਰਬੰਧ ਵੀ ਇਨ੍ਹਾਂ ਟੈਂਟ ਸਿਟੀ ਦੇ ਵਿੱਚ ਹੈ।

Baljeet Kaur

This news is Content Editor Baljeet Kaur