ਸੁਖਪ੍ਰੀਤ ਬੁੱਢਾ ਨੂੰ ਅਦਾਲਤ ਨੇ ਫਿਰ ਪੁਲਸ ਰਿਮਾਂਡ ''ਤੇ ਭੇਜਿਆ

12/01/2019 10:50:15 AM

ਮੋਹਾਲੀ (ਕੁਲਦੀਪ) : ਪੰਜਾਬ ਪੁਲਸ ਵਲੋਂ ਇੰਟਰਪੋਲ ਦੀ ਮਦਦ ਲੈ ਕੇ ਅਰਮੇਨੀਆ ਤੋਂ ਹਵਾਲਗੀ ਲੈ ਕੇ ਏਅਰਪੋਰਟ ਤੋਂ ਗ੍ਰਿਫਤਾਰ ਕੀਤੇ ਗਏ ਖਤਰਨਾਕ ਗੈਂਗਸਟਰ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ ਬੁੱਢਾ ਦਾ ਸੱਤ ਦਿਨਾ ਪੁਲਸ ਰਿਮਾਂਡ ਖਤਮ ਹੋਣ ਮਗਰੋਂ ਉਸ ਨੂੰ ਫਿਰ ਅਦਾਲਤ 'ਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਬੁੱਢਾ ਨੂੰ ਪੁਲਸ ਦੀ ਡਿਮਾਂਡ 'ਤੇ ਸੱਤ ਦਿਨ ਦੇ ਹੋਰ ਪੁਲਸ ਰਿਮਾਂਡ 'ਤੇ ਭੇਜ ਦਿੱਤਾ। ਪੁਲਸ ਸੂਤਰਾਂ ਦੀ ਜਾਣਕਾਰੀ ਮੁਤਾਬਕ ਪੁਲਸ ਨੇ ਪਿਛਲੇ ਰਿਮਾਂਡ ਦੌਰਾਨ ਮੁਲਜ਼ਮ ਬੁੱਢਾ ਦੀ ਨਿਸ਼ਾਨਦੇਹੀ ਉੱਤੇ ਇਕ ਪਿਸਤੌਲ ਬਰਾਮਦ ਕੀਤਾ ਹੈ ਅਤੇ ਉਸ ਦੇ ਇਕ ਸਾਥੀ ਨੂੰ ਪੁਲਸ ਨੇ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਹੈ, ਜਿਸ ਦਾ ਨਾਮ ਲਖਵਿੰਦਰ ਲੱਖਾ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਕਾਫ਼ੀ ਸਮੇਂ ਤੋਂ ਦਵਿੰਦਰ ਬੰਬੀਹਾ ਗੈਂਗ ਚਲਾ ਰਿਹਾ ਸੀ । ਉਸ ਉੱਤੇ ਹੱਤਿਆ ਦੀ ਕੋਸ਼ਿਸ਼, ਹੱਤਿਆ ਅਤੇ ਫਿਰੌਤੀ ਮੰਗਣ ਦੇ ਇਕ ਦਰਜਨ ਤੋਂ ਵੀ ਜ਼ਿਆਦਾ ਕ੍ਰਿਮੀਨਲ ਕੇਸ ਦਰਜ ਹਨ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਕੁਝ ਸਮਾਂ ਪਹਿਲਾਂ ਹੀ ਖਾਲਿਸਤਾਨ ਸਮਰਥਕਾਂ ਦੇ ਸੰਪਰਕ ਵਿਚ ਆ ਗਿਆ ਸੀ, ਜਿਨ੍ਹਾਂ ਦਾ ਮਕਸਦ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਹੈ। ਉਸ ਵਲੋਂ ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਵੀ ਕਾਤਿਲਾਨਾ ਹਮਲਾ ਕਰਨ ਦੇ ਬਾਰੇ ਵਿਚ ਪੁਲਸ ਪੁੱਛਗਿਛ ਕਰ ਰਹੀ ਹੈ। ਬੁੱਢਾ ਸਾਲ 2011 ਨੂੰ ਕਤਲ ਕੇਸ ਵਿਚ ਜੇਲ ਗਿਆ ਸੀ ਅਤੇ 2016 ਵਿਚ ਪੈਰੋਲ ਮਿਲਣ ਤੋਂ ਬਾਅਦ ਉਹ ਵਿਦੇਸ਼ ਫਰਾਰ ਹੋ ਗਿਆ ਸੀ, ਜਿਸ ਨੂੰ ਪੰਜਾਬ ਪੁਲਸ ਨੇ ਹੁਣ ਇੰਟਰਪੋਲ ਦੀ ਮਦਦ ਨਾਲ ਅਰਮੇਨੀਆ ਤੋਂ ਗ੍ਰਿਫਤਾਰ ਕਰਵਾਇਆ ਹੈ। ਹੁਣ ਪੁਲਸ ਰਿਮਾਂਡ ਦੌਰਾਨ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh