ਬਵਾਨਾ ਉਪ ਚੋਣ ਨਤੀਜਾ ਭਾਜਪਾ ਦੀ ਫੁੱਟ ਪਾਊ ਰਾਜਨੀਤੀ ''ਤੇ ਵੋਟਰਾਂ ਦਾ ਕਰਾਰਾ ਜਵਾਬ : ਖਹਿਰਾ

08/29/2017 3:02:56 PM

ਚੰਡੀਗੜ੍ਹ (ਸ਼ਰਮਾ)—ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਵਿਧਾਨ ਸਭਾ ਦੀ ਬਵਾਨਾ ਸੀਟ ਲਈ ਹੋਈ ਉਪ ਚੋਣ 'ਚ ਪਾਰਟੀ ਉਮੀਦਵਾਰ ਦੀ ਜਿੱਤ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦਾ ਨਤੀਜਾ ਭਾਜਪਾ ਦੀ ਫੁੱਟ ਪਾਊ ਤੇ ਮੌਕਾਪ੍ਰਸਤ ਰਾਜਨੀਤੀ 'ਤੇ ਵੋਟਰਾਂ ਦਾ ਕਰਾਰਾ ਜਵਾਬ ਹੈ।
ਖਹਿਰਾ ਨੇ ਕਿਹਾ ਕਿ ਭਾਜਪਾ ਨੇ ਦਲ-ਬਦਲ ਨੂੰ ਬੜ੍ਹਾਵਾ ਦੇ ਕੇ ਬਵਾਨਾ ਦੇ ਵੋਟਰਾਂ 'ਤੇ ਗੈਰ-ਜ਼ਰੂਰੀ ਚੋਣ ਥੋਪ ਕੇ ਦੇਸ਼ ਦੀ ਲੋਕਤੰਤਰਿਕ ਪ੍ਰਣਾਲੀ ਨੂੰ ਚੁਣੌਤੀ ਦਿੱਤੀ ਪਰ ਬਵਾਨਾ ਦੀ ਜਨਤਾ ਨੇ ਆਮ ਆਦਮੀ ਪਾਰਟੀ ਤੇ ਇਸ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਜਨ ਹਿਤੈਸ਼ੀ ਨੀਤੀਆਂ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਇਸ ਉਪ ਚੋਣ 'ਚ ਪਾਰਟੀ ਉਮੀਦਵਾਰ ਦੀ ਜਿੱਤ ਨਾਲ ਨਾ ਸਿਰਫ ਪਾਰਟੀ ਦਿੱਲੀ 'ਚ ਮੁੜ ਸੁਰਜੀਤ ਹੋਵੇਗੀ ਬਲਕਿ ਇਸ ਨਾਲ ਪਾਰਟੀ ਦੀਆਂ ਨੀਤੀਆਂ ਪ੍ਰਤੀ ਦੇਸ਼ 'ਚ ਹਾਂ-ਪੱਖੀ ਸੰਦੇਸ਼ ਵੀ ਜਾਵੇਗਾ। ਇਹੀ ਨਹੀਂ ਪੰਜਾਬ 'ਚ ਆਉਣ ਵਾਲੀਆਂ ਚੋਣਾਂ 'ਚ ਵੀ ਦਿੱਲੀ ਉਪ ਚੋਣ ਨਤੀਜੇ ਦਾ ਅਸਰ ਦੇਖਣ ਨੂੰ ਮਿਲੇਗਾ।