ਸਰਕਾਰੀ ਸਰਪ੍ਰਸਤੀ ਹੇਠ ਮਾਈਨਿੰਗ ਮਾਫੀਆ ਕਰ ਰਿਹੈ ਕਰੋੜਾਂ ਦੀ ਲੁੱਟ : ਖਹਿਰਾ (ਵੀਡੀਓ)

11/01/2018 3:06:39 PM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ, ਦਲਜੀਤ)— ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨ ਸਤਲੁਜ ਦਰਿਆ ਅਤੇ ਸਵਾਂ ਨਦੀ 'ਚ ਰੋਜ਼ਾਨਾ ਕਰੋੜਾਂ ਦੀ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਮੱਦੇਨਜ਼ਰ ਮਾਈਨਿੰਗ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਅਤੇ ਗਰਾਊਂਡ ਜ਼ੀਰੋ ਤੱਕ ਵੱਡੇ ਪੈਮਾਨੇ 'ਤੇ ਕੀਤੀ ਗਈ ਨਾਜਾਇਜ਼ ਖੋਦਾਈ ਦਾ ਮੀਡੀਆ ਅੱਗੇ ਪਰਦਾਫਾਸ਼ ਕੀਤਾ।

ਇਸ ਦੌਰਾਨ ਖਹਿਰਾ ਨੇ ਕਿਹਾ ਕਿ ਜਿਸ ਮਾਈਨਿੰਗ ਮਾਫੀਏ ਨੂੰ ਦਹਾਕਾ ਭਰ ਸਿਆਸੀ ਸਰਪ੍ਰਸਤੀ ਦੇ ਕੇ ਅਕਾਲੀ ਸਰਕਾਰ ਨੇ ਕੁਦਰਤੀ ਸ੍ਰੋਤਾਂ ਨੂੰ ਲੁੱਟਣ ਦੀ ਖੁੱਲ੍ਹ ਦਿੱਤੀ ਹੋਈ ਸੀ ਉਹ ਹੀ ਮਾਈਨਿੰਗ ਮਾਫੀਆ ਅੱਜ ਕਾਂਗਰਸ ਸਰਕਾਰ ਦੀ ਛਤਰ-ਛਾਇਆ ਹੇਠ ਰੋਜ਼ਾਨਾ ਕਰੋੜਾਂ ਦੀ ਲੁੱਟ ਕਰਕੇ ਆਵਾਮ ਦੇ ਜੀਵਨ ਨੂੰ ਖਤਰੇ 'ਚ ਪਾ ਰਿਹਾ ਹੈ। ਅਜਿਹੀ ਸਥਿਤੀ 'ਚ ਰਾਜ ਸਰਕਾਰ ਨੂੰ ਜੋ ਮਾਈਨਿੰਗ ਨੀਤੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਸੁਝਾਅ ਦੇ ਰੂਪ 'ਚ ਪੇਸ਼ ਕੀਤੀ ਗਈ ਸੀ ਉਸ ਨੂੰ ਨਜ਼ਰਅੰਦਾਜ਼ ਕਰਕੇ ਕੈਪਟਨ ਸਰਕਾਰ ਜੋ ਨੀਤੀ ਤਿਆਰ ਕਰ ਰਹੀ ਹੈ ਉਹ ਮਹਿਜ਼ ਰਾਣਾ ਗੁਰਜੀਤ ਸਿੰਘ ਦੀ ਤਰਜ਼ 'ਤੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਲੀ ਹੈ, ਜਿਸ ਨਾਲ ਆਮ ਅਤੇ ਗਰੀਬ ਵਰਗ ਵੱਡੀ ਲੁੱਟ ਦਾ ਸ਼ਿਕਾਰ ਹੋਵੇਗਾ।

ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਜੇਕਰ ਫੁਰਸਤ ਹੋਵੇ ਤਾਂ ਉਹ ਇਸ ਖੇਤਰ ਦਾ ਹਵਾਈ ਸਰਵੇਖਣ ਕਰਕੇ ਦੇਖਣ ਤਾਂ ਜੋ ਉਨ੍ਹਾਂ ਨੂੰ ਆਪਣੇ ਨਾਜਾਇਜ਼ ਮਾਈਨਿੰਗ ਰੋਕਣ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਅਸਲ ਤਸਵੀਰ ਦਿਸ ਸਕੇ। ਇਹ ਮਾਈਨਿੰਗ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਦੇ ਹਲਕੇ 'ਚ ਹੋ ਰਹੀ ਹੈ। ਰਾਣਾ ਕੇ. ਪੀ. ਸਿੰਘ ਨਾਜਾਇਜ਼ ਮਾਈਨਿੰਗ ਦੇ ਖਿਲਾਫ ਵਿਰੋਧੀ ਧਿਰ 'ਚ ਹੁੰਦਿਆਂ ਖੁਦ ਆਵਾਜ਼ ਉਠਾਉਂਦੇ ਰਹੇ ਹਨ ਪਰ ਅੱਜ ਉਹ ਇਸ ਮਾਈਨਿੰਗ ਦੇ ਖਿਲਾਫ ਖਾਮੋਸ਼ ਹਨ। ਮਾਈਨਿੰਗ ਮਾਫੀਏ 'ਚ ਸ਼ਾਮਲ ਸਰਕਾਰੀ ਅਸਰ ਰਸੂਖ ਰੱਖਣ ਵਾਲੇ ਹਰ ਵਿਅਕਤੀ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਹੈ ਭਾਵੇਂ ਕਿ ਇਸ 'ਚ ਮੈਂ (ਖਹਿਰਾ) ਵੀ ਸ਼ਾਮਲ ਕਿਉਂ ਨਾ ਹੋਵਾਂ।
ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਜੈ ਕਿਸ਼ਨ ਸਿੰਘ ਰੌੜੀ ਵਿਧਾਇਕ ਗੜ੍ਹਸ਼ੰਕਰ, ਜਗਦੇਵ ਸਿੰਘ ਕਮਾਲ਼ੂ ਵਿਧਾਇਕ ਮੌੜ ਮੰਡੀ, ਐਡਵੋਕੇਟ ਦਿਨੇਸ਼ ਚੱਢਾ, ਤਰਲੋਚਨ ਸਿੰਘ ਚੱਠਾ, ਹਰਤੇਗਵੀਰ ਸਿੰਘ ਤੇਗੀ, ਗੁਰਮੇਲ ਸਿੰਘ ਬਾੜਾ, ਰਣਬਹਾਦਰ ਰਾਣਾ, ਅਵਤਾਰ ਸਿੰਘ ਕੂਨਰ, ਮਲਕੀਤ ਭੰਗੂ, ਐਡਵੋਕੇਟ ਸਤਨਾਮ ਸਿੰਘ ਤੇ ਮਨਿੰਦਰ ਮਨੀ ਆਦਿ ਸਣੇ ਅਨੇਕਾਂ ਆਗੂ ਮੌਜੂਦ ਸਨ।

ਪ੍ਰਸ਼ਾਸਨ ਨੇ ਦੇਰ ਰਾਤ ਬੰਦ ਕਰਵਾਈ ਨਾਜਾਇਜ਼ ਮਾਈਨਿੰਗ
ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਸੁਖਪਾਲ ਸਿੰਘ ਖਹਿਰਾ ਦੀ ਆਮਦ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਖਤੀ ਲਾਗੂ ਕਰਦਿਆਂ ਨਾ ਸਿਰਫ ਨਾਜਾਇਜ਼ ਖੋਦਾਈ ਨੂੰ ਰੋਕਿਆ ਗਿਆ ਸਗੋਂ ਮਾਈਨਿੰਗ ਪ੍ਰਭਾਵਿਤ ਖੇਤਰ ਨੂੰ ਜਾਣ ਵਾਲੇ ਤਮਾਮ ਰਸਤਿਆਂ ਨੂੰ ਵੱਡੇ ਖੱਡੇ ਪੁੱਟ ਕੇ ਬੰਦ ਕਰ ਦਿੱਤਾ ਗਿਆ। ਸਰਕਾਰੀ ਸੂਤਰਾਂ ਅਨੁਸਾਰ ਇਹ ਕਾਰਵਾਈ ਮਾਈਨਿੰਗ ਰੋਕਣ ਦੀ ਸਥਿਤੀ ਦੇ ਮੱਦੇਨਜ਼ਰ ਕੀਤੀ ਗਈ ਹੈ ਜਦਕਿ ਖਹਿਰਾ ਦੇ ਸਮਰਥਕਾਂ ਅਨੁਸਾਰ ਇਹ ਕੰਮ ਖਹਿਰਾ ਦੀ ਆਮਦ ਤੋਂ ਬੁਖਲਾਹਟ 'ਚ ਆ ਕੇ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ।