ਖਹਿਰਾ ਦੇ ਕਾਂਗਰਸ 'ਚ ਜਾਣ ਦੀਆਂ ਚਰਚਾਵਾਂ ਨਾਲ ਪਾਰਟੀ ਵਰਕਰਾਂ 'ਚ ਫੈਲਿਆ ਰੋਸ

Saturday, Jan 20, 2018 - 10:37 AM (IST)

ਜਲੰਧਰ (ਬੁਲੰਦ)— ਚਰਚਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਦੇ ਵਿਰੋਧ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਕਾਂਗਰਸ ਦੇ ਪੰਜਾਬ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਪਾਰਟੀ ਵੱਲੋਂ ਮਨਜ਼ੂਰ ਕੀਤਾ ਗਿਆ। ਸਿਆਸੀ ਹਲਕਿਆਂ ਵਿਚ ਹੁਣ ਅਜਿਹੀਆਂ ਗੱਲਾਂ ਉਡ ਰਹੀਆਂ ਹਨ ਕਿ ਖਹਿਰਾ ਅੰਦਰਖਾਤੇ ਹੁਣ ਰਾਹੁਲ ਦੀ ਗੁੱਡ ਲਿਸਟ ਵਿਚ ਆ ਗਏ ਹਨ ਅਤੇ ਇਸ ਦਾ ਹੀ ਨਤੀਜਾ ਹੈ ਕਿ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਮਰਜ਼ੀ ਦੇ ਉਲਟ ਜਾ ਕੇ ਰਾਣਾ ਦਾ ਅਸਤੀਫਾ ਮਨਜ਼ੂਰ ਕੀਤਾ। 
ਓਧਰ ਖਹਿਰਾ ਦੀ ਰਾਹੁਲ ਨਾਲ ਵੱਧਦੀ ਨੇੜਤਾ ਕਾਰਨ ਅਜਿਹੀਆਂ ਖਬਰਾਂ ਸਾਹਮਣੇ ਆਉਣ ਨਾਲ ਕਿ ਖਹਿਰਾ ਕਾਂਗਰਸ ਵਿਚ ਜਾ ਸਕਦੇ ਹਨ ਨਾਲ ਪਾਰਟੀ ਵਰਕਰਾਂ ਵਿਚ ਰੋਸ ਦੀ ਲਹਿਰ ਫੈਲ ਗਈ ਹੈ। 'ਆਪ' ਪਾਰਟੀ ਦੇ ਵਲੰਟੀਅਰਾਂ ਦਾ ਕਹਿਣਾ ਹੈ ਕਿ ਜੇਕਰ ਖਹਿਰਾ ਕਾਂਗਰਸ ਪਾਰਟੀ ਵਿਚ ਜਾਂਦੇ ਹਨ ਤਾਂ ਇਸ ਤੋਂ ਸਾਫ ਹੈ ਕਿ ਕੋਈ ਵੀ ਆਗੂ 'ਆਪ' ਪਾਰਟੀ ਪ੍ਰਤੀ ਪੰਜਾਬ ਵਿਚ ਵਫਾਦਾਰ ਨਹੀਂ ਹੈ ਕਿਉਂਕਿ ਪਹਿਲਾਂ ਹੀ ਛੋਟੇਪੁਰ, ਫਿਰ ਗੁਰਪ੍ਰੀਤ ਘੁੱਗੀ ਅਤੇ ਫਿਰ ਖਹਿਰਾ ਪਾਰਟੀ ਛੱਡਦੇ ਹਨ ਤਾਂ ਇਸ ਨਾਲ ਪਾਰਟੀ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। 
ਦੂਜੇ ਪਾਸੇ ਪਾਰਟੀ ਦੇ ਅੰਦਰਲੇ ਸੂਤਰਾਂ ਦਾ ਕਹਿਣਾ ਹੈ ਕਿ ਖਹਿਰਾ ਪਾਰਟੀ ਨਹੀਂ ਛੱਡ ਰਹੇ ਪਰ ਜੇਕਰ ਉਨ੍ਹਾਂ ਦਾ ਰਾਹੁਲ ਨਾਲ ਸੰਪਰਕ ਹੈ ਤਾਂ ਉਹ ਪਾਰਟੀ ਵਿਚ ਰਹਿ ਕੇ ਹੀ ਉਸ ਨੂੰ ਕੈਸ਼ ਕਰਨਾ ਚਾਹੁਣਗੇ ਅਤੇ ਜੇਕਰ ਉਹ ਪਾਰਟੀ ਛੱਡਦੇ ਹਨ ਤਾਂ ਕਾਂਗਰਸ ਵਿਚ ਕੈਪਟਨ ਲਈ ਉਨ੍ਹਾਂ ਨੂੰ ਝੱਲਣ ਦੀ ਨਵੀਂ ਚੁਣੌਤੀ ਪੈਦਾ ਹੋ ਜਾਵੇਗੀ। ਉਥੇ ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਵਾਲੇ ਜਾਣਬੁੱਝ ਕੇ ਖਹਿਰਾ ਨੂੰ ਬਦਨਾਮ ਕਰ ਰਹੇ ਹਨ ਅਤੇ ਖਹਿਰਾ ਪਾਰਟੀ ਨਹੀਂ ਛੱਡ ਰਹੇ। 
ਪਰ ਅਕਾਲੀ ਦਲ ਨੇ ਇਸ ਬਾਰੇ ਆਮ ਆਦਮੀ ਪਾਰਟੀ 'ਤੇ ਹਮਲਾ ਬੋਲਦਿਆਂ ਪਾਰਟੀ ਦੇ ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਕਿਹਾ ਹੈ ਕਿ ਖਹਿਰਾ ਪਹਿਲਾਂ ਹੀ ਕਾਂਗਰਸ ਵਿਚ ਸਨ ਫਿਰ ਆਮ ਆਦਮੀ ਪਾਰਟੀ ਵਿਚ ਆਏ। ਜੇਕਰ ਦੁਬਾਰਾ ਕਾਂਗਰਸ ਪਾਰਟੀ ਵਿਚ ਜਾਂਦੇ ਹਨ ਤਾਂ ਇਸ ਵਿਚ ਹੈਰਾਨੀ ਵਾਲੀ ਕੋਈ ਗੱਲ ਨਹੀਂ। ਉਨ੍ਹਾਂ ਨੇ ਕਿਹਾ ਕਿ ਉਂਝ ਵੀ ਆਮ ਆਦਮੀ ਪਾਰਟੀ ਪੰਜਾਬ ਅਤੇ ਦਿੱਲੀ ਵਿਚ ਕਾਂਗਰਸ ਦੀ ਬੀ ਟੀਮ ਦਾ ਰੋਲ ਨਿਭਾ ਰਹੀ ਹੈ।


Related News