ਸੀ. ਐੱਮ. ਨੇ ਸਿਰਫ 10 ਲੱਖ ਦੀ ਮਦਦ ਰਾਸ਼ੀ ਐਲਾਨ ਕੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਕੀਤਾ ਮਜ਼ਾਕ : ਖਹਿਰਾ

11/22/2017 5:05:11 AM

ਲੁਧਿਆਣਾ(ਖੁਰਾਣਾ)-ਪੰਜਾਬ ਵਿਧਾਨ ਸਭਾ 'ਚ ਵਿਰੋਧੀ ਦਲ ਦੇ ਆਗੂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਫੀਆ ਚੌਕ ਨੇੜੇ ਅੱਗ ਲੱਗਣ ਤੋਂ ਬਾਅਦ ਡਿੱਗੀ ਪਲਾਸਟਿਕ ਫੈਕਟਰੀ ਦੀ 6 ਮੰਜ਼ਿਲਾ ਇਮਾਰਤ 'ਚ ਦੱਬ ਗਏ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ੇ ਵਜੋਂ ਐਲਾਨੀ ਗਈ 10 ਲੱਖ ਰੁਪਏ ਦੀ ਮਦਦ ਰਾਸ਼ੀ ਨੂੰ ਭੱਦਾ ਮਜ਼ਾਕ ਕਰਾਰ ਦਿੱਤਾ ਹੈ। ਖਹਿਰਾ ਨੇ ਮੁੱਖ ਮੰਤਰੀ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕਿਸੇ ਵੀ ਮਨੁੱਖੀ ਜ਼ਿੰਦਗੀ ਦੀ ਕੀਮਤ ਸਿਰਫ 10 ਲੱਖ ਰੁਪਏ ਲਾਉਣਾ ਕਿੱਥੋਂ ਦਾ ਇਨਸਾਫ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਮੁੱਖ ਮੰਤਰੀ ਤੋਂ ਮੰਗ ਕਰਦੀ ਹੈ ਕਿ ਉਹ ਸਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਘੱਟ ਤੋਂ ਘੱਟ 25-25 ਲੱਖ ਰੁਪਏ ਦੀ ਮਦਦ ਰਾਸ਼ੀ ਦੇ ਨਾਲ ਹੀ ਇਕ-ਇਕ ਮੈਂਬਰ ਨੂੰ ਤੁਰੰਤ ਸਰਕਾਰੀ ਨੌਕਰੀ ਦਾ ਲਾਭ ਦੇਵੇ। ਖਹਿਰਾ ਨੇ ਕਿਹਾ ਕਿ ਆਉਂਦੇ ਵਿਧਾਨ ਸਭਾ ਸੈਸ਼ਨ ਵਿਚ ਆਮ ਆਦਮੀ ਪਾਰਟੀ ਇਸ ਮੁੱਦੇ ਨੂੰ ਪ੍ਰਮੁੱਖਤਾ ਨਾਲ ਚੁੱਕੇਗੀ। ਪੰਜਾਬ ਦੇ ਉਦਯੋਗਿਕ ਨਗਰ ਵਿਚ ਹੋਇਆ ਇਹ ਭਿਆਨਕ ਹਾਦਸਾ ਸਰਕਾਰ ਦੀ ਲਾਪ੍ਰਵਾਹੀ ਦਾ ਨਤੀਜਾ ਹੈ। ਖਹਿਰਾ ਅੱਜ ਬਾਅਦ ਦੁਪਹਿਰ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਘਟਨਾ ਵਾਲੀ ਜਗ੍ਹਾ ਦਾ ਮੁਆਇਨਾ ਕਰਨ ਤੋਂ ਬਾਅਦ ਉਕਤ ਫੈਕਟਰੀ ਦੇ ਕੋਲ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਪੁੱਜੇ ਸਨ। ਉਨ੍ਹਾਂ ਕਿਹਾ ਕਿ ਘਟਨਾ ਦੌਰਾਨ ਜ਼ਖਮੀ ਹੋਏ ਲੋਕਾਂ ਦਾ ਮੁਫਤ ਇਲਾਜ ਕਰਵਾਉਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਹਾਦਸੇ ਦੌਰਾਨ ਅਪਾਹਜ ਜਾਂ ਜ਼ਖਮੀ ਹੋਏ ਸਾਰੇ ਲੋਕ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ, ਜੋ ਕਿ ਦੋ ਵਕਤ ਦੀ ਰੋਟੀ ਦਾ ਜੁਗਾੜ ਬੜੀ ਮੁਸ਼ਕਲ ਨਾਲ ਕਰਦੇ ਹਨ। ਅਜਿਹੇ 'ਚ ਉਨ੍ਹਾਂ ਲਈ ਯੋਗ ਇਲਾਜ ਕਰਵਾਉਣਾ ਅਸੰਭਵ ਹੈ।
ਹਾਦਸੇ 'ਚ ਹੋਈਆਂ ਮੌਤਾਂ ਲਈ ਜ਼ਿੰਮੇਵਾਰ ਹਰ ਅਧਿਕਾਰੀ 'ਤੇ ਹੋਵੇ ਐੱਫ. ਆਈ. ਆਰ.
ਵਿਧਾਇਕ ਖਹਿਰਾ ਨੇ ਕਿਹਾ ਕਿ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੀ ਮੌਤ ਲਈ ਇਕੱਲੇ ਫੈਕਟਰੀ ਮਾਲਕ 'ਤੇ ਹੀ ਨਹੀਂ ਬਲਕਿ ਸਬੰਧਤ ਵਿਭਾਗਾਂ ਦੇ ਹਰ ਉਸ ਅਧਿਕਾਰੀ 'ਤੇ ਐੱਫ. ਆਈ. ਆਰ. ਦਰਜ ਹੋਣੀ ਚਾਹੀਦੀ ਹੈ, ਜਿਨ੍ਹਾਂ ਦੀ ਨਿਗਰਾਨੀ 'ਚ ਇਮਾਰਤ ਦੀ ਉਸਾਰੀ ਹੋਈ ਸੀ ਤੇ ਉਨ੍ਹਾਂ ਨੂੰ ਉਕਤ ਫੈਕਟਰੀ ਚਲਾਉਣ ਲਈ ਲਾਇਸੈਂਸ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਦਾ ਵਿਸ਼ਾ ਇਹ ਹੈ ਕਿ ਉਕਤ ਇਮਾਰਤ ਗੈਰ-ਕਾਨੂੰਨੀ ਢੰਗ ਨਾਲ ਬਣ ਕਿਵੇਂ ਗਈ ਕਿਉਂਕਿ ਇਸ ਵਿਚ ਨਾ ਤਾਂ ਕੋਈ ਸੇਫਟੀ ਯੰਤਰ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਨਾ ਹੀ ਸਿਸਟਮ ਨੂੰ ਹੀ ਫਾਲੋ ਕੀਤਾ ਗਿਆ।
ਪੰਜਾਬ ਦੇ ਵਿਗੜਦੇ ਹਾਲਾਤ ਦੀ ਤਸਵੀਰ ਪੇਸ਼ ਕਰ ਰਿਹਾ ਹਾਦਸਾ
ਉਨ੍ਹਾਂ ਕਿਹਾ ਕਿ ਇਸ ਤੋਂ ਵਧ ਕੇ ਹੋਰ ਤ੍ਰਾਸਦੀ ਕੀ ਹੋ ਸਕਦੀ ਹੈ ਕਿ ਪੰਜਾਬ ਦੇ ਮਾਨਚੈਸਟਰ ਵਿਚ 6 ਮੰਜ਼ਿਲਾ ਇਮਾਰਤ ਵਿਚ ਫੈਕਟਰੀ ਚੱਲ ਰਹੀ ਸੀ ਅਤੇ ਕਿਸੇ ਵੀ ਵਿਭਾਗ ਦੇ ਕੋਲ ਇਸ ਦਾ ਰਿਕਾਰਡ ਤੱਕ ਮੌਜੂਦ ਨਹੀਂ ਹੈ। ਖਹਿਰਾ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਨਗਰ ਵਿਚ ਸੋਮਵਾਰ ਨੂੰ ਹੋਇਆ ਦਰਦਨਾਕ ਹਾਦਸਾ ਪੰਜਾਬ ਦੇ ਵਿਗੜਦੇ ਹਾਲਾਤ ਦੀ ਤਸਵੀਰ ਪੇਸ਼ ਕਰ ਰਿਹਾ ਹੈ, ਜਿਸ ਵਿਚ ਸ਼ਾਇਦ ਕੋਈ ਵੀ ਸ਼ਹਿਰ ਜਾਂ ਸਰਕਾਰੀ ਸਕੂਲ ਤੱਕ ਵੀ ਸੁਰੱਖਿਅਤ ਨਹੀਂ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਪੇਂਡੂ ਇਲਾਕਿਆਂ 'ਚ ਅਜਿਹੇ ਕਈ ਸਰਕਾਰੀ ਸਕੂਲ ਦੇਖੇ ਹਨ, ਜਿਨ੍ਹਾਂ ਦੀਆਂ ਇਮਾਰਤਾਂ ਖਸਤਾਹਾਲ ਹੋ ਚੁੱਕੀਆਂ ਹਨ, ਜਿਨ੍ਹਾਂ ਦੇ ਥੱਲੇ ਬੈਠ ਕੇ ਬੱਚੇ ਪੜ੍ਹਾਈ ਕਰ ਰਹੇ ਹਨ।