ਸੰਮਨ ਮਾਮਲੇ ''ਤੇ ਕੇਜਰੀਵਾਲ-ਭਗਵੰਤ ਨੇ ਛੱਡਿਆ ਖਹਿਰਾ ਦਾ ਸਾਥ, ਹੋ ਸਕਦੀ ਹੈ ਗ੍ਰਿਫਤਾਰੀ!

11/03/2017 11:27:32 AM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗੂ ਸੁਖਪਾਲ ਖਹਿਰਾ ਖਿਲਾਫ ਫਾਜ਼ਿਲਕਾ ਅਦਾਲਤ ਵਲੋਂ ਗ੍ਰਿਫਤਾਰੀ ਵਾਰੰਟ ਜਾਰੀ ਹੋਣ ਤੋਂ ਬਾਅਦ ਉਹ ਪਾਰਟੀ 'ਚ ਇਕੱਲੇ ਰਹਿ ਗਏ ਹਨ ਕਿਉਂਕਿ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਸਮੇਤ ਕਿਸੇ ਵੀ ਆਗੂ ਨੇ ਹੁਣ ਤੱਕ ਸੁਖਪਾਲ ਖਹਿਰਾ ਦੇ ਬਚਾਅ 'ਚ ਕੋਈ ਬਿਆਨ ਨਹੀਂ ਦਿੱਤਾ ਹੈ। ਸੂਤਰਾਂ ਮੁਤਾਬਕ ਵੀਰਵਾਰ ਨੂੰ ਭਗਵੰਤ ਮਾਨ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ 'ਚ ਦਿੱਲੀ 'ਚ ਇਸ ਮਾਮਲੇ 'ਤੇ ਚਰਚਾ ਵੀ ਹੋਈ ਪਰ ਪਾਰਟੀ ਨੇ ਫਿਲਹਾਲ ਇਸ ਪੂਰੇ ਮਾਮਲੇ 'ਚ ਖੁਦ ਨੂੰ ਦੂਰ ਰੱਖਣਾ ਹੀ ਉਚਿਤ ਸਮਝਿਆ ਹੈ। ਸੁਖਪਾਲ ਖਹਿਰਾ ਜੇਕਰ 30 ਨਵੰਬਰ ਤੋਂ ਪਹਿਲਾਂ ਜ਼ਮਾਨਤ ਨਹੀਂ ਕਰਵਾਉਂਦੇ ਤਾਂ ਪੁਲਸ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕਰਨਾ ਪਵੇਗਾ। ਅਦਾਲਤ ਨੇ ਖਹਿਰਾ ਸਮੇਤ 8 ਲੋਕਾਂ ਦੇ ਸੰਮਨ ਜਾਰੀ ਕੀਤੇ ਹਨ। ਪੰਜਾਬ ਦੀਆਂ ਸਿਆਸੀ ਪਾਰਟੀਆਂ ਖਹਿਰਾਂ 'ਤੇ ਅਸਤੀਫਾ ਦੇਣ ਦਾ ਦਬਾਅ ਪਾ ਰਹੀਆਂ ਹਨ। 2 ਦਿਨਾਂ ਬਾਅਦ ਵੀ 'ਆਪ' ਦਾ ਕੋਈ ਵੀ ਸੀਨੀਅਰ ਆਗੂ ਖਹਿਰਾ ਨਾਲ ਖੜ੍ਹਾ ਨਜ਼ਰ ਨਹੀਂ ਆ ਰਿਹਾ ਹੈ। ਖਹਿਰਾ ਖੁਦ ਹੀ ਆਪਣਾ ਬਚਾਅ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦਾ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਖਹਿਰਾ ਭਾਵੇਂ ਹੀ ਆਪਣੇ ਆਪ ਨੂੰ ਸਿਆਸੀ ਬਦਲਖੋਰਾਂ ਦਾ ਸ਼ਿਕਾਰ ਦੱਸ ਰਹੇ ਹੋਣ ਪਰ ਸੂਤਰਾਂ ਮੁਤਾਬਕ ਸਾਰੇ ਸਮੀਕਰਣਾਂ ਨੂੰ ਦੇਖਦੇ ਹੋਏ ਪਾਰਟੀ ਨੇ ਪੂਰੇ ਮਾਮਲੇ 'ਚ ਖੁਦ ਨੂੰ ਦੂਰ ਰੱਖਣ ਦਾ ਫੈਸਲਾ ਕੀਤਾ ਹੈ। ਪਾਰਟੀ ਉਡੀਕ ਕਰ ਰਹੀ ਹੈ ਕਿ ਇਸ ਮਾਮਲੇ 'ਚ ਅਦਾਲਤ ਦਾ ਕੀ ਰੁਖ ਹੁੰਦਾ ਹੈ ਅਤੇ ਖਹਿਰਾ ਕਿਸ ਤਰ੍ਹਾਂ ਆਪਣਾ ਬਚਾਅ ਕਰਦੇ ਹਨ।