ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰਵਾਉਣ ਦੇ ਯਤਨ ''ਚ ਕੈਪਟਨ : ਖਹਿਰਾ

09/14/2019 3:32:33 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਕੈਪਟਨ ਭਾਜਪਾ ਦੇ ਹੱਥਾਂ 'ਚ ਖੇਡਦੇ ਹੋਏ ਕਰਤਾਪੁਰ ਸਾਹਿਬ ਕੋਰੀਡੋਰ ਪ੍ਰੋਜੈਕਟ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਪਾਕਿਸਤਾਨ ਵੱਲੋਂ ਲਾਏ ਗਏ ਮਾਮੂਲੀ ਸਰਵਿਸ ਚਾਰਜ ਨੂੰ ਬੇਲੋੜਾ ਮੁੱਦਾ ਬਣਾ ਰਹੇ ਹਨ। ਖਹਿਰਾ ਨੇ ਕਿਹਾ ਕਿ ਜਦ ਸਿੱਖ ਕੌਮ ਦੀਆਂ ਆਸਾਂ ਇੰਨੀਆਂ ਉੱਚੀਆਂ ਹਨ ਅਤੇ ਐਡਮਨਿਸਟਰੇਸ਼ਨ ਵਿਵਾਦ ਨਾਲੋਂ ਆਸਥਾ ਸਰਵਉੱਚ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਇਕ ਸਾਜ਼ਿਸ਼ ਮਹਿਸੂਸ ਹੁੰਦੀ ਹੈ। ਕਿਸੇ ਵੀ ਹਾਲਾਤ ਵਿਚ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਏ ਜਾਣ ਵਾਲੇ 20 ਡਾਲਰ ਬਹਿਸ ਦਾ ਮੁੱਦਾ ਨਹੀਂ ਹੋਣੇ ਚਾਹੀਦੇ।

ਉਨ੍ਹ ਕਿਹਾ ਕਿ ਇਹ ਪਹਿਲਾ ਮੌਕਾ ਨਹੀਂ ਹੈ ਜਦ ਕੈਪਟਨ ਅਮਰਿੰਦਰ ਸਿੰਘ ਨੇ ਆਰ. ਐੱਸ. ਐੱਸ. ਅਤੇ ਭਾਜਪਾ ਦੀ ਸਹਿਮਤੀ ਨਾਲ ਪਾਕਿਸਤਾਨ ਨਾਲ ਵਿਵਾਦ ਛੇੜਨ ਦੀ ਕੋਸ਼ਿਸ਼ ਕੀਤੀ ਹੋਵੇ। ਇਥੋਂ ਤੱਕ ਕਿ ਕਾਂਗਰਸ ਪਾਰਟੀ ਦੇ ਅੰਦਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਇਰਾਦੇ ਗੁਪਤ ਨਹੀਂ ਰਹੇ ਹਨ ਅਤੇ ਪੰਜਾਬ ਵਿਚਲੇ ਪਾਰਟੀ ਨੇਤਾ ਵੀ ਉਸ ਦੀ ਕੇਂਦਰ ਨਾਲ ਕੀਤੀ ਗੰਢ-ਤੁੱਪ ਤੋਂ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਦੇ ਆਪਣੇ ਸੁਪਨੇ ਨੂੰ ਪੂਰਾ ਹੁੰਦਾ ਵੇਖਣ ਲਈ ਸਿੱਖ ਕੋਈ ਵੀ ਫੀਸ ਅਦਾ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੇ ਸਮਾਰੋਹਾਂ ਨੂੰ ਅਸਫਲ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰੇਗੀ। ਦੱਸਣਯੋਗ ਹੈ ਕਿ ਕਰਤਾਰਪੁਰ ਕੋਰੀਡੋਰ ਲਈ ਸ਼ਰਧਾਲੂਆਂ ਤੋਂ 20 ਅਮਰੀਕੀ ਡਾਲਰ ਯਾਨਿ 1400 ਰੁਪਏ ਲਵੇਗਾ। ਪਾਕਿਸਤਾਨ ਨੇ ਕਿਹਾ ਹੈ ਕਿ ਉਹ ਐਂਟਰੀ ਫੀਸ ਦੇ ਤੌਰ 'ਤੇ ਇਹ ਪੈਸੇ ਨਹੀਂ ਲੈ ਰਿਹਾ। ਇਹ ਸਰਵਿਸ ਫੀਸ ਹੈ ਜੋ ਹਰੇਕ ਸ਼ਰਧਾਲੂਆਂ ਨੂੰ ਦੇਣੀ ਪਵੇਗੀ।  

Anuradha

This news is Content Editor Anuradha