ਖਹਿਰਾ ਤੇ ਮਾਸਟਰ ਬਲਦੇਵ ਦੇ ਕਾਗਜ਼ਾਂ ਬਾਰੇ ਫੈਸਲਾ ਅੱਜ

04/30/2019 5:10:22 PM

ਚੰਡੀਗੜ੍ਹ/ ਜਲੰਧਰ (ਭੁੱਲਰ) : ਬਠਿੰਡਾ ਤੋਂ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਅਤੇ ਫਰੀਦਕੋਟ ਤੋਂ ਮਾਸਟਰ ਬਲਦੇਵ ਸਿੰਘ ਦੇ ਨਾਮਜ਼ਦਗੀ ਕਾਗਜ਼ ਰੱਦ ਕਰਨ ਦੀ ਮੰਗ ਕਰਦਿਆਂ ਜਲੰਧਰ ਦੇ ਐਡਵੋਕੇਟ ਅਤੇ ਸਮਾਜਸੇਵੀ ਸਿਮਰਨਜੀਤ ਸਿੰਘ ਨੇ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਹੈ। ਇਸ ਸਬੰਧੀ ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਤੋਂ ਇਲਾਵਾ ਮੁੱਖ ਚੋਣ ਕਮਿਸ਼ਨਰ ਦਿੱਲੀ ਨੂੰ ਭੇਜੀ ਗਈ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਖਹਿਰਾ ਅਤੇ ਬਲਦੇਵ ਸਿੰਘ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ, ਜਿਸ ਕਰਕੇ ਉਨ੍ਹਾਂ 'ਤੇ ਦਲ ਬਦਲੀ ਕਾਨੂੰਨ ਅਧੀਨ ਕਾਰਵਾਈ ਬਣਦੀ ਹੈ। ਸ਼ਿਕਾਇਤ 'ਚ ਕਿਹਾ ਗਿਆ ਕਿ ਭਾਵੇਂ ਖਹਿਰਾ ਵਲੋਂ ਐਨ ਆਖਰੀ ਮੌਕੇ ਅਸਤੀਫ਼ਾ ਦਿੱਤਾ ਗਿਆ ਹੈ, ਪਰ ਬਲਦੇਵ ਸਿੰਘ ਨੇ ਤਾਂ ਅਸਤੀਫ਼ਾ ਵੀ ਨਹੀਂ ਦਿੱਤਾ ਪਰ ਦਲ ਬਦਲੀ ਕਾਨੂੰਨ ਮੁਤਾਬਿਕ ਜਦ ਤੱਕ ਅਸਤੀਫ਼ਾ ਮਨਜ਼ੂਰ ਨਹੀਂ ਹੁੰਦਾ, ਉਦੋਂ ਤੱਕ ਹੋਰ ਪਾਰਟੀ ਵਲੋਂ ਚੋਣ ਨਹੀਂ ਲੜੀ ਜਾ ਸਕਦੀ। ਇਸ ਸਬੰਧੀ ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਰਾਜੂ ਨੇ ਕਿਹਾ ਕਿ ਵਿਧਾਇਕ ਰਹਿੰਦਿਆਂ ਐੱਮ. ਪੀ. ਲਈ ਚੋਣ ਲੜਨ 'ਤੇ ਕੋਈ ਪਾਬੰਦੀ ਨਹੀਂ ਪਰ ਦੂਜੀ ਪਾਰਟੀ ਦਾ ਮੈਂਬਰ ਰਹਿੰਦਿਆਂ ਹੋਰ ਪਾਰਟੀ ਤੋਂ ਚੋਣ ਲੜਨ ਬਾਰੇ ਮਾਮਲੇ ਦੀ ਜਾਂਚ ਬਾਅਦ ਨਿਯਮਾਂ ਮੁਤਾਬਿਕ ਹੀ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਕਾਗਜ਼ਾਂ ਦੀ ਜਾਂਚ ਪੜਤਾਲ ਦਾ ਕੰਮ 30 ਅਪ੍ਰੈਲ ਨੂੰ ਹੋਣਾ ਹੈ। 

ਦੱਸਣਯੋਗ ਹੈ ਕਿ ਸਿਮਰਨਜੀਤ ਸਿੰਘ ਨੇ ਸ਼ਿਕਾਇਤ 'ਚ ਦੋਹਾਂ ਦੀ ਉਮੀਦਵਾਰੀ ਰੱਦ ਕਰਨ ਦੀ ਮੰਗ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਆਪਣੀ ਵਿਧਾਇਕੀ ਤੋਂ ਵਿਧਾਨ ਸਭਾ'ਚ ਅਸਤੀਫਾ ਦੇਣਾ ਚਾਹੀਦਾ ਸੀ। ਸਿਮਰਨਜੀਤ ਸਿੰਘ ਮੁਤਾਬਕ ਉਨ੍ਹਾਂ ਦੀ ਸ਼ਿਕਾਇਤ 'ਤੇ ਜਲਦੀ ਹੀ ਫੈਸਲਾ ਹੋ ਜਾਵੇਗਾ। ਦੱਸ ਦਈਏ ਕਿ ਸਿਮਰਨ ਵਲੋਂ 'ਆਪ' ਆਗੂ ਭਗਵੰਤ ਮਾਨ ਖਿਲਾਫ ਵੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ 'ਚ ਉਨ੍ਹਾਂ ਨੇ ਪਿਛਲੀਆਂ ਚੋਣਾਂ 'ਚ ਕਈ ਤੱਥ ਲੁਕਾਏ ਸਨ।

Anuradha

This news is Content Editor Anuradha