ਕੇਂਦਰ ਤੇ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤਾ ਧੋਖਾ : ਖਹਿਰਾ

03/24/2019 5:22:49 PM

ਜ਼ੀਰਾ (ਗੁਰਮੇਲ, ਅਕਾਲੀਆਂਵਾਲਾ)— ਪੰਜਾਬ ਏਕਤਾ ਪਾਰਟੀ ਅਤੇ ਜਮਹੂਰੀ ਗਠਜੋੜ ਦੇ ਆਗੂ ਸੁਖਪਾਲ ਸਿੰਘ ਖਹਿਰਾ ਬੀਤੇ ਦਿਨ ਜ਼ੀਰਾ ਵਿਖੇ ਸੁਖਵਿੰਦਰ ਸਿੰਘ ਸ਼ਹਿਜ਼ਾਦਾ ਦੇ ਗ੍ਰਹਿ ਵਿਖੇ ਪੁੱਜੇ, ਜਿੱਥੇ ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਦੀ ਵਿਰੋਧਤਾ ਕਰਦੇ ਹੋਏ ਲੋਕਾਂ ਨਾਲ ਧੋਖਾ ਕਰਨ ਦੀ ਗੱਲ ਆਖੀ। ਜ਼ੀਰਾ ਪੁੱਜਣ 'ਤੇ ਲੋਕਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਨਾਲ ਹਲਕਾ ਖਡੂਰ ਸਾਹਿਬ ਤੋਂ ਪਾਰਟੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਵੀ ਮੌਜੂਦ ਸਨ।
ਗੱਲਬਾਤ ਕਰਦਿਆਂ ਉਨ੍ਹਾਂ ਨੇ ਆਖਿਆ ਕਿ ਕਿਸਾਨੀ ਮਸਲਿਆਂ 'ਤੇ ਸਰਕਾਰਾਂ ਸਿਆਸਤ ਕਰ ਰਹੀਆਂ ਹਨ, ਜਦਕਿ ਕਿਸਾਨਾਂ ਦੇ ਅਸਲੀ ਹੱਕਾਂ ਤੋਂ ਉਨ੍ਹਾਂ ਨੂੰ ਵਾਂਝੇ ਰੱਖੇ ਜਾ ਰਿਹਾ ਹੈ। ਪੰਜਾਬ 'ਚ ਪਾਣੀ ਦੀ ਮੁੱਖ ਸਮੱਸਿਆ ਹੈ, ਜਿਸ ਦਾ ਹੱਲ ਫਸਲੀ ਵਿਭਿੰਨਤਾ ਹੈ ਅਤੇ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਫਸਲਾਂ ਦੇ ਪੂਰੇ ਭਾਅ ਡਾ. ਸਵਾਮੀਨਾਥਨ ਕਮਿਸ਼ਨ ਨਾਲ ਜੋੜ ਕੇ ਨਾ ਮਿਲਣੇ ਕਿਸਾਨਾਂ ਨਾਲ ਧੋਖਾ ਹੈ ਅਤੇ ਕੇਂਦਰ ਦੀ ਸਰਕਾਰ ਵੱਲੋਂ ਵੱਡੇ ਘਰਾਣਿਆਂ ਦੇ ਕਰਜ਼ੇ ਮੁਆਫ ਕੀਤੇ ਗਏ, ਜਦਕਿ ਕਿਸਾਨਾਂ ਨੂੰ ਅੱਖੋਂ-ਪਰੋਖੇ ਕਰਕੇ ਉਨ੍ਹਾਂ ਨਾਲ ਧੋਖਾ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ ਸਰਕਾਰ ਦੀ ਗੱਲ ਕਰਦਿਆਂ ਉਨ੍ਹਾਂ ਸਹੁੰ ਖਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਗੱਲ ਨੂੰ ਵੀ ਧੋਖਾ ਦੱਸਿਆ ਕਿਉਂਕਿ ਕੁਝ ਲੋਕਾਂ ਦੇ ਹੀ ਕਰਜ਼ੇ ਮੁਆਫ ਹੋਏ, ਜਦਕਿ ਕਿਸਾਨਾਂ ਵੱਲੋਂ ਸਰਕਾਰਾਂ ਦੇ ਭਰੋਸੇ 'ਤੇ ਕਰਜ਼ੇ ਨਾ ਮੋੜਨ ਕਰਕੇ ਕਿਸਾਨੀ ਸਿਰ ਕਰਜ਼ੇ ਦੀ ਪੰਡ ਹੋ ਵੀ ਭਾਰੀ ਹੋ ਗਈ, ਜਿਸ ਦੀ ਜ਼ਿੰਮੇਵਾਰ ਸਰਕਾਰ ਹੈ। ਅਜਿਹੇ ਮਸਲਿਆਂ 'ਤੇ ਉਨ੍ਹਾਂ ਦੀ ਪਾਰਟੀ ਲੋਕਾਂ ਦਾ ਸਾਥ ਦੇਵੇਗੀ ਅਤੇ ਲੋਕ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਨੇ ਉਨ੍ਹਾਂ ਦਾ ਪਹਿਲਾ ਕੰਮ ਹੈ।

ਇਸ ਮੌਕੇ ਪਾਰਟੀ ਦੇ ਵਰਕਰ, ਬਹੁਜਨ ਸਮਾਜ ਪਾਰਟੀ ਅਤੇ ਹੋਰ ਸਹਿਯੋਗੀ ਪਾਰਟੀਆਂ ਦੇ ਆਗੂ ਹਾਜ਼ਰ ਸਨ, ਜਿਨ੍ਹਾਂ ਵਿਚ ਸੁਖਵਿੰਦਰ ਸਿੰਘ ਸ਼ਹਿਜ਼ਾਦਾ, ਗੁਰਮੀਤ ਸਿੰਘ ਬਰਾੜ ਪ੍ਰਧਾਨ, ਅਵਤਾਰ ਸਿੰਘ ਕੰਗ, ਸੁਖਦੇਵ ਸਿੰਘ ਸ਼ੀਰਾ ਸਾਧੂਵਾਲਾ, ਕਸ਼ਮੀਰ ਸਿੰਘ ਸੀ. ਪੀ. ਐੱਮ., ਦਰਸ਼ਨ ਸਿੰਘ, ਲੱਖਾ ਸਿੰਘ, ਸੁਖਬੀਰ ਸਿੰਘ ਵਲਟੋਹਾ, ਜਸਮੀਤ ਸਿੰਘ ਵਾਲੀਆ, ਬਲਜੀਤ ਸਿੰਘ ਸੁਰ ਸਿੰਘ ਵਾਲਾ, ਸੰਦੀਪ ਸਿੰਘ ਸਭਰਾਂ, ਹਰਮਨਦੀਪ ਸਿੰਘ, ਹਰਪਾਲ ਸਿੰਘ, ਗੁਰਮੀਤ ਸਿੰਘ, ਕਾਮਰੇਡ ਜੱਸ ਆਦਿ ਭਾਰੀ ਗਿਣਤੀ 'ਚ ਲੋਕ ਹਾਜ਼ਰ ਸਨ। ਉਨ੍ਹਾਂ ਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸਮਾਧ 'ਤੇ ਨਤਮਸਤਕ ਹੋਣ ਲਈ ਜਾਣਾ ਸੀ। ਉਨ੍ਹਾਂ ਕਿਹਾ ਕਿ ਉਹ ਸ਼ਹੀਦਾਂ ਦਾ ਹਮੇਸ਼ਾ ਸਤਿਕਾਰ ਕਰਦੇ ਹਨ। ਉਨ੍ਹਾਂ ਸ਼ਹੀਦਾਂ ਦੇ ਕਦਮਾਂ 'ਤੇ ਚੱਲਣ ਦੀ ਗੱਲ ਵੀ ਆਖੀ।

shivani attri

This news is Content Editor shivani attri