ਬਲਦੇਵ ਸਿੰਘ ਦੇ ਅਸਤੀਫੇ 'ਤੇ ਖਹਿਰਾ ਦਾ ਪ੍ਰਤੀਕਰਮ

01/16/2019 2:59:09 PM

ਜਲੰਧਰ (ਸੋਨੂੰ)— ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਅੱਜ ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇ ਦਿੱਤਾ ਹੈ। ਬਲਦੇਵ ਵੱਲੋਂ ਦਿੱਤੇ ਗਏ ਅਸਤੀਫੇ 'ਤੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਬਲਦੇਵ ਸਿੰਘ ਬਹੁਤ ਹੀ ਸੁਲਝੇ ਹੋਏ ਨੇਤਾ ਹਨ ਅਤੇ ਉਨ੍ਹਾਂ ਨੇ ਸਹੀ ਫੈਸਲਾ ਲਿਆ ਹੈ। ਆਮ ਆਦਮੀ ਪਾਰਟੀ ਆਪਣੇ ਆਦਰਸ਼ ਅਤੇ ਸਿਧਾਂਤਾਂ ਤੋਂ ਭਟਕ ਚੁੱਕੀ ਹੈ। ਪਾਰਟੀ ਦੇ ਸਿਧਾਂਤਾਂ ਨੂੰ ਨਕਾਰਦੇ ਹੋਏ ਉਨ੍ਹਾਂ ਨੇ ਖੁਦ ਨੂੰ ਕਨਵੀਨਰ ਬਣਾ ਰੱਖਿਆ ਹੈ। ਪਾਰਟੀ ਖਿਲਾਫ ਭੜਾਸ ਕੱਢਦੇ ਹੋਏ ਖਹਿਰਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨੂੰ ਹਟਾਉਣ ਲਈ ਪਾਰਟੀ ਨੇ ਦਲਿਤ ਕਾਰਡ ਖੇਡਿਆ ਸੀ ਜਦਕਿ ਪੰਜਾਬ ਦੀ ਜਨਤਾ  ਇਸ 'ਚ ਭਰੋਸਾ ਨਹੀਂ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਲਦੇਵ ਸਿੰਘ ਵੱਲੋਂ 'ਆਪ' 'ਚੋਂ ਦਿੱਤੇ ਗਏ ਅਸਤੀਫੇ ਦਾ ਪੂਰਾ ਸੁਆਗਤ ਕਰਦੀ ਹੈ ਅਤੇ ਉਨ੍ਹਾਂ ਦੀ ਪਾਰਟੀ ਬਲਦੇਵ ਸਿੰਘ ਨੂੰ ਪੂਰਾ ਮਾਣ ਅਤੇ ਸਤਿਕਾਰ ਦੇਵੇਗੀ। 

ਸੁਖਬੀਰ ਬਾਦਲ ਨੂੰ ਘਮੰਡੀ ਆਦਮੀ ਦੱਸਦੇ ਹੋਏ ਸੁਖਪਾਲ ਖਹਿਰਾ ਨੇ ਕਿਹਾ ਕਿ ਉਹ ਵਿਧਾਨ ਸਭਾ ਤੋਂ ਅਸਤੀਫਾ ਇਸ ਲਈ ਨਹੀਂ ਦੇ ਰਹੇ ਹਨ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਪੰਜਾਬ ਦੇ ਦੁਸ਼ਮਣ ਸੁਖਬੀਰ ਬਾਦਲ ਨੂੰ ਮਿਲੇ। 

ਜ਼ਿਕਰਯੋਗ ਹੈ ਕਿ ਬਲਦੇਵ ਸਿੰਘ ਨੇ 'ਆਪ' ਕਨਵੀਨਰ ਅਤੇ ਦਿੱਲੀ ਦੇ ਅਰਵਿੰਦ ਕੇਜਰੀਵਾਲ ਨੂੰ ਅਸਤੀਫਾ ਮੇਲ ਕੀਤਾ ਹੈ। ਇਸ 'ਚ ਉਨ੍ਹਾਂ ਨੇ ਕੇਜਰੀਵਾਲ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਿਹਾ ਹਾਂ। ਦੱਸ ਦੇਈਏ ਕਿ ਬਲਦੇਵ ਸਿੰਘ ਦੇ ਅਸਤੀਫਾ ਦੇਣ ਤੋਂ ਪਹਿਲਾਂ ਐੱਚ. ਐੱਸ. ਫੂਲਕਾ ਅਤੇ ਸੁਖਪਾਲ ਖਹਿਰਾ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ।

shivani attri

This news is Content Editor shivani attri