ਸਿੱਧੂ ਵਿਭਾਗ ਸੰਭਾਲ ਕੇ ਸੁਖਬੀਰ ਵਲੋਂ ਕੀਤੇ ਥਰਮਲ ਸਮਝੌਤਿਆਂ ਦੀ ਜਾਂਚ ਕਰਨ : ਖਹਿਰਾ

07/14/2019 1:27:00 AM

ਚੰਡੀਗੜ੍ਹ,(ਭੁੱਲਰ): ਪੰਜਾਬ ਏਕਤਾ ਪਾਰਟੀ ਪ੍ਰਧਾਨ ਤੇ ਭੁਲੱਥ ਦੇ ਐਮ. ਐਲ. ਏ. ਸੁਖਪਾਲ ਸਿੰਘ ਖਹਿਰਾ ਨੇ ਨਵਜੋਤ ਸਿੰਘ ਸਿੱਧੂ ਨੂੰ ਪਾਵਰ ਵਿਭਾਗ ਸੰਭਾਲਣ ਅਤੇ ਸੁਖਬੀਰ ਬਾਦਲ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਬੇਈਮਾਨੀ ਭਰੇ ਸਮਝੌਤਿਆਂ ਨੂੰ ਮੁੜ ਜਾਂਚਣ ਲਈ ਸੁਝਾਅ ਦਿੱਤਾ। ਖਹਿਰਾ ਨੇ ਕਿਹਾ ਕਿ ਜੂਨੀਅਰ ਬਾਦਲ ਦੇ ਇਸ ਅਨੈਤਿਕ ਅਤੇ ਭ੍ਰਿਸ਼ਟ ਕਾਰੇ ਨੇ ਨਾ ਸਿਰਫ ਪੀ.ਐਸ.ਪੀ.ਸੀ.ਐਲ ਨੂੰ ਵਿੱਤੀ ਤਬਾਹੀ ਕੰਢੇ ਲਿਆ ਦਿੱਤਾ ਬਲਕਿ ਸਧਾਰਨ ਖਪਤਕਾਰਾਂ ਉਪਰ ਦੇਸ਼ ਦੇ ਸਭ ਤੋਂ ਮਹਿੰਗੀ ਬਿਜਲੀ ਟੈਰਿਫਾਂ ਦਾ ਵੱਡਾ ਬੋਝ ਵੀ ਪਾ ਦਿੱਤਾ। ਖਹਿਰਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸਟਰਲਾਈਟ ਕੰਪਨੀ ਨਾਲ 1980 ਮੈਗਾਵਾਟ ਤਲਵੰਡੀ ਸਾਬੋ ਥਰਮਲ ਪਲਾਂਟ, ਲਾਰਸਨ ਐਂਡ ਟਰਬੋ ਨਾਲ 1400 ਮੈਗਾਵਾਟ ਰਾਜਪੁਰਾ ਥਰਮਲ ਪਲਾਂਟ ਅਤੇ ਜੀ.ਵੀ.ਕੇ ਨਾਲ 500 ਮੈਗਾਵਾਟ ਗੋਇੰਦਵਾਲ ਸਾਹਿਬ ਥਰਮਲ ਪਲਾਂਟਾਂ ਦੇ ਪੀ.ਪੀ.ਏ ਸਾਈਨ ਕੀਤੇ ਸਨ। ਉਨ੍ਹਾਂ ਇਲਜ਼ਾਮ ਲਗਾਇਆ ਕਿ ਅਜਿਹਾ ਕਰਕੇ ਪਿਛਲੀ ਸਰਕਾਰ ਨੇ ਦੇਸ਼ ਭਰ 'ਚ ਬਰਾਬਰ ਸਮੱਰਥਾ ਅਤੇ ਤਕਨੀਕ ਵਾਲੇ ਹੋਰਨਾਂ ਥਰਮਲ ਪਲਾਂਟਾਂ ਨਾਲੋਂ ਕਿਤੇ ਵੱਧ ਫੀ ਯੂਨਿਟ ਅਦਾ ਕੀਤੇ ਜਾਣ ਦੀ ਸਹਿਮਤੀ ਦਿੱਤੀ ਸੀ। ਉਨ੍ਹਾਂ ਇਹ ਵੀ ਇਲਜਾਮ ਲਗਾਇਆ ਕਿ ਬਾਦਲਾਂ ਨੇ ਸੱਤ ਸਾਲ ਕੇ.ਡੀ ਚੋਧਰੀ ਨੂੰ ਪੀ.ਐਸ.ਪੀ.ਸੀ.ਐਲ ਦਾ ਚੇਅਰਮੈਨ ਲਗਾਈ ਰੱਖਿਆ ਅਤੇ ਉਸ ਨੇ ਉਨ੍ਹਾਂ ਦੇ ਹੱਥਠੋਕੇ ਵਜੋਂ ਕੰਮ ਕੀਤਾ ਜਿਸ ਕਾਰਨ ਸੂਬੇ ਦੇ ਖਜਾਨੇ ਨੂੰ ਭਾਰੀ ਨੁਕਸਾਨ ਹੋਇਆ।


ਖਹਿਰਾ ਨੇ ਕਿਹਾ ਕਿ ਪੰਜਾਬ ਤਲਵੰਡੀ ਸਾਬੋ ਥਰਮਲ ਪਲਾਂਟ ਨੂੰ 1.35 ਰੁਪਏ ਫੀ ਯੁਨਿਟ, ਰਾਜਪੁਰਾ ਪਲਾਂਟ ਨੂੰ 1.50 ਰੁਪਏ ਫੀ ਯੂਨਿਟ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ 1.93 ਰੁਪਏ ਫੀ ਯੂਨਿਟ ਦਾ ਫਿਕਸ ਖਰਚਾ ਅਦਾ ਕਰ ਰਿਹਾ ਹੈ। ਜਦਕਿ ਗੁਜਰਾਤ ਵਿਚਲੇ ਮੁੰਦਰਾ ਥਰਮਲ ਪਲਾਂਟ ਦੇ 90 ਪੈਸੇ ਫੀ ਯੁਨਿਟ ਅਤੇ ਮੱਧ ਪ੍ਰਦੇਸ਼ ਦੇ ਸਾਸਨ ਥਰਮਲ ਪਲਾਂਟ ਦੇ ਸਿਰਫ 17 ਪੈਸੇ ਫਿਕਸ ਖਰਚੇ ਹਨ। ਖਹਿਰਾ ਨੇ ਇਲਜਾਮ ਲਗਾਇਆ ਕਿ ਉਸ ਵੇਲੇ ਦੇ ਰਿਨਿਊਏਬਲ ਐਨਰਜੀ ਅਤੇ ਪੇਡਾ ਦੇ ਮੰਤਰੀ ਬਿਕਰਮ ਮਜੀਠੀਆ ਅਤੇ ਬਿਜਲੀ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੋਲਰ ਅਤੇ ਬਾਇਉਮਾਸ ਪਲਾਂਟਾਂ ਨਾਲ ਵੀ ਵੱਡੀ ਦਰ ਉੱਪਰ ਪੀ.ਪੀ.ਏ ਸਾਈਨ ਕੀਤੇ ਹਨ। ਉਹਨਾਂ ਕਿਹਾ ਕਿ ਪੰਜਾਬ ਸਟੇਟ ਇਲੈਕਟਰੀਸਿਟੀ ਰੈਗੂਲੇਟਰੀ ਕਮੀਸ਼ਨ ਦੇ ਟੈਰਿਫ ਆਰਡਰ ਅਨੁਸਾਰ ਪੰਜਾਬ ਨੇ 2017-18 ਦੋਰਾਨ 5.90 ਰੁਪਏ ਫੀ ਯੁਨਿਟ ਦੇ ਹਿਸਾਬ ਨਾਲ 1712 ਮਿਲੀਅਨ ਯੁਨਿਟ ਸੋਲਰ ਪਾਵਰ ਦੇ 1010 ਕਰੋੜ ਰੁਪਏ ਅਦਾ ਕੀਤੇ। ਇਸੇ ਦੌਰਾਨ ਹੀ ਬਾਇਉ ਮਾਸ ਪਲਾਂਟਾਂ ਨੂੰ 5.32 ਰੁਪਏ ਫੀ ਯੂਨਿਟ ਦੇ ਹਿਸਾਬ ਨਾਲ 1459 ਮਿਲੀਅਨ ਯੂਨਿਟ ਦੇ 776 ਕਰੋੜ ਰੁਪਏ ਸੂਬੇ ਨੇ ਅਦਾ ਕੀਤੇ। ਉਨ੍ਹਾਂ ਕੈ. ਅਮਰਿੰਦਰ ਸਿੰਘ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਵੀ ਬਾਦਲਾਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨਾਲ ਦੋਸਤਾਨਾ ਮੈਚ ਖੇਡ ਰਹੇ ਹਨ।