ਕੈਪਟਨ ਦੀ ਸਿਫਾਰਿਸ਼ ''ਤੇ ਮੋਦੀ ਸਰਕਾਰ ਵਲੋਂ 5 ਕਾਤਲ ਪੁਲਸ ਵਾਲਿਆਂ ਦੀ ਰਿਹਾਈ ਹੈਰਾਨੀਜਨਕ : ਖਹਿਰਾ

10/15/2019 9:31:10 PM

ਚੰਡੀਗੜ੍ਹ,(ਰਮਨਜੀਤ): ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ 'ਚ ਅੱਤਵਾਦ ਦੇ ਕਾਲੇ ਸਮੇਂ ਦੌਰਾਨ ਸਿੱਖ ਨੌਜਵਾਨਾਂ ਨੂੰ ਫਰਜ਼ੀ ਮੁਕਾਬਲਿਆਂ 'ਚ ਮਾਰਨ ਦੀਆਂ ਸਜ਼ਾਵਾਂ ਭੁਗਤ ਰਹੇ ਅਨੇਕਾਂ ਪੰਜਾਬ ਪੁਲਸ ਦੇ ਮੁਲਾਜ਼ਮਾਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕੀਤੇ ਜਾਣ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਕੈਪਟਨ ਦੀ ਸਿਫਾਰਸ਼ 'ਤੇ ਅਜਿਹਾ ਹੋਣਾ ਹੈਰਾਨੀਜਨਕ ਹੈ। ਅੱਜ ਇਥੇ ਇਕ ਬਿਆਨ ਜਾਰੀ ਕਰਦਿਆਂ ਖਹਿਰਾ ਨੇ ਕਿਹਾ ਕਿ ਕੈਪਟਨ ਤੇ ਮੋਦੀ ਫਰਜ਼ੀ ਮੁਕਾਬਲਿਆਂ 'ਚ ਮਾਰੇ ਗਏ ਸਿੱਖ ਨੌਜਵਾਨਾਂ ਦੇ ਪਰਿਵਾਰਾਂ ਦੇ ਜ਼ਖਮਾਂ 'ਤੇ ਲੂਣ ਛਿੜਕ ਰਹੇ ਹਨ। ਇਨ੍ਹਾਂ ਪੁਲਸ ਕਰਮਚਾਰੀਆਂ ਨੂੰ ਨਿਆਂਪਾਲਿਕਾ ਵੱਲੋਂ ਦਿੱਤੀਆਂ ਸਜ਼ਾਵਾਂ ਨੇ ਸਾਬਿਤ ਕਰ ਦਿੱਤਾ ਸੀ ਕਿ ਸੂਬੇ 'ਚ ਦਹਿਸ਼ਤ ਦਾ ਮਾਹੌਲ ਬਣਾਉਣ ਲਈ ਉਨ੍ਹਾਂ ਨੇ ਬੇਦੋਸ਼ੇ ਲੋਕਾਂ ਨੂੰ ਕਤਲ ਕੀਤਾ ਸੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਸਮੇਂ ਤੋਂ ਪਹਿਲਾਂ ਰਿਹਾਅ ਕੀਤੇ ਜਾ ਰਹੇ 5 ਪੁਲਸ ਅਫਸਰ ਉਹ ਹਨ, ਜਿਨ੍ਹਾਂ ਨੇ 1995 'ਚ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਨੂੰ ਫਰਜ਼ੀ ਮੁਕਾਬਲੇ 'ਚ ਮਾਰ ਦਿੱਤਾ ਸੀ। ਖਾਲੜਾ ਨੇ ਪੁਲਸ ਦੇ ਅੱਤਿਆਚਾਰ ਤੇ 25000 ਤੋਂ ਵੱਧ ਗੁੰਮਸ਼ੁਦਾ ਲਾਸ਼ਾਂ ਦਾ ਮਸਲਾ ਉਠਾਇਆ ਸੀ, ਜੇਕਰ ਖਾਲੜਾ ਨੂੰ ਮਾਰਨ ਵਾਲੇ ਸਜ਼ਾਯਾਫਤਾ ਪੁਲਸ ਕਰਮਚਾਰੀਆਂ ਨੂੰ ਕੇਂਦਰ ਵਲੋਂ ਮੁਆਫੀ ਦਿੱਤੀ ਜਾਂਦੀ ਹੈ ਤਾਂ ਇਹ ਭਾਰਤੀ ਨਿਆਂ ਪ੍ਰਣਾਲੀ 'ਤੇ ਵੱਡਾ ਕਾਲਾ ਧੱਬਾ ਹੋਵੇਗਾ।

ਖਹਿਰਾ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਸਹਾਰਨ ਮਾਜਰਾ ਪਿੰਡ ਦੇ ਦਲਿਤ ਸਿੱਖ ਨੌਜਵਾਨ ਹਰਜੀਤ ਸਿੰਘ ਨੂੰ ਫਰਜ਼ੀ ਮੁਕਾਬਲੇ 'ਚ ਮਾਰਨ ਦੇ ਦੋਸ਼ੀ ਉੱਤਰ ਪ੍ਰਦੇਸ਼ ਪੁਲਸ ਦੇ 4 ਅਫਸਰਾਂ ਨੂੰ ਰਿਹਾਅ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਯੂ. ਪੀ. ਪੁਲਸ ਦੇ 4 ਕਰਮਚਾਰੀਆਂ ਦੀ ਰਿਹਾਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਫਾਰਸ਼ਾਂ 'ਤੇ ਹੋਈ। ਉਨ੍ਹਾਂ ਕਿਹਾ ਕਿ ਇਹ ਸੰਭਵ ਹੀ ਨਹੀਂ ਕਿ ਕੇਂਦਰ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਤੋਂ ਬਿਨਾਂ ਹੀ ਬਾਕੀ ਸਜ਼ਾਯਾਫਤਾ ਪੰਜਾਬ ਪੁਲਸ ਕਰਮਚਾਰੀਆਂ ਨੂੰ ਰਿਹਾਅ ਕਰ ਦੇਵੇ। ਖਹਿਰਾ ਨੇ ਕਿਹਾ ਕਿ ਹੋਰਨਾਂ ਸ਼ਬਦਾਂ 'ਚ ਇਹ ਵਰਦੀ ਵਿਚਲੇ ਕਾਤਲਾਂ ਨੂੰ ਸੁਨੇਹਾ ਹੈ ਕਿ ਤੁਸੀਂ ਬੇਦੋਸ਼ੇ ਲੋਕਾਂ ਨੂੰ ਫਰਜ਼ੀ ਮੁਕਾਬਲਿਆਂ ਵਿਚ ਖਤਮ ਕਰੋ ਅਤੇ ਸਰਕਾਰਾਂ ਤੁਹਾਡਾ ਖਿਆਲ ਰੱਖਣਗੀਆਂ ਅਤੇ ਤੁਹਾਨੂੰ ਰਿਹਾਅ ਕਰਵਾਉਣਗੀਆਂ। ਉਨ੍ਹਾਂ ਕਿਹਾ ਕਿ ਸਜ਼ਾਯਾਫਤਾ ਪੁਲਸ ਕਰਮਚਾਰੀਆਂ ਨੂੰ ਰਿਹਾਅ ਕਰਵਾਉਣ ਲਈ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਰਲੇ ਹੋਏ ਹਨ।