ਬਠਿੰਡਾ ਦੀ ਤਰਸਯੋਗ ਹਾਲਤ ਨਿਕੰਮੀ ਸੋਚ ਤੇ ਲੋਕਲ ਬਾਡੀਜ਼ ਦੇ ਭ੍ਰਿਸ਼ਟਾਚਾਰ ਦਾ ਨਤੀਜਾ : ਖਹਿਰਾ

07/19/2019 10:33:20 PM

ਚੰਡੀਗੜ੍ਹ,(ਰਮਨਜੀਤ) : ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਰਾਜ 'ਚ ਮੀਂਹ ਕਾਰਨ ਬਣ ਰਹੇ ਹਾਲਾਤ 'ਤੇ ਚਿੰਤਾ ਜਤਾਈ ਹੈ। ਖਹਿਰਾ ਨੇ ਕਿਹਾ ਕਿ ਜੇਕਰ ਅਜਿਹਾ ਮੀਂਹ ਇੱਕ-ਦੋ ਦਿਨ ਹੋਰ ਜਾਰੀ ਰਿਹਾ ਤਾਂ ਅਜਿਹਾ ਲੱਗਦਾ ਹੈ ਕਿ ਪੂਰਾ ਪੰਜਾਬ ਹੀ ਪਾਣੀ ਵਿੱਚ ਡੁੱਬ ਜਾਵੇਗਾ। ਖਹਿਰਾ ਨੇ ਕਿਹਾ ਕਿ ਅਜਿਹੀ ਹਾਲਤ ਰਾਜਨੇਤਾਵਾਂ ਦੀ ਘਟੀਆ ਤੇ ਬੇਈਮਾਨ ਸੋਚ ਦਾ ਨਤੀਜਾ ਹੈ। ਇਸ ਵਿੱਚ ਪੰਜਾਬ ਦੇ ਲੋਕਲ ਬਾਡੀਜ਼ ਵਿਭਾਗ 'ਚ ਫੈਲੇ ਭ੍ਰਿਸ਼ਟਾਚਾਰ ਦੀ ਭੂਮਿਕਾ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਖਹਿਰਾ ਨੇ ਕਿਹਾ ਕਿ ਲਾਲਚੀ ਸਿਆਸਤਦਾਨਾਂ ਨੇ ਪੰਜਾਬ ਵਰਗੇ ਸੂਬੇ ਨੂੰ ਨਰਕ ਬਣਾਕੇ ਰੱਖ ਦਿੱਤਾ ਹੈ ਤੇ ਲਗਾਤਾਰ ਪੈ ਰਹੇ ਮੀਂਹ ਨਾਲ ਬਣੀ ਹੜ੍ਹ ਵਰਗੀ ਹਾਲਤ ਕਾਰਨ ਲੋਕਾਂ ਦੇ ਪ੍ਰਭਾਵਿਤ ਹੋਣ 'ਤੇ ਵੀ ਉਹ ਚਿੰਤਤ ਨਹੀਂ ਹਨ। ਖਹਿਰਾ ਨੇ ਕਿਹਾ ਕਿ ਸ਼ਹਿਰਾਂ 'ਚ ਅਨਪਲਾਂਡ ਡਿਵਲਪਮੈਂਟ ਵੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਦੇਣ ਹੈ। ਖਹਿਰਾ ਨੇ ਕਿਹਾ ਕਿ ਕਈ ਫੁੱਟ ਪਾਣੀ 'ਚ ਡੁੱਬੇ ਹੋਏ ਬਠਿੰਡੇ ਦੇ ਲੋਕਾਂ ਦੀ ਚਿੰਤਾ ਛੱਡਕੇ ਸ੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਰਾਜ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਬੇਮਤਲਬ ਦੀ ਰਾਜਨੀਤੀ 'ਚ ਉਲਝੇ ਹਨ।