ਖਹਿਰਾ ਦੇ ਮਾਮਲੇ ''ਚ ''ਆਪ'' ਦੀ ਅੰਦਰੂਨੀ ਹਲਚਲ ਵਧੀ

11/18/2017 11:03:18 AM

ਚੰਡੀਗੜ੍ਹ (ਰਮਨਜੀਤ)-ਨਸ਼ੇ ਦੇ ਮਾਮਲੇ ਵਿਚ ਫਾਜ਼ਿਲਕਾ ਅਦਾਲਤ ਵਲੋਂ ਸੰਮਨ ਜਾਰੀ ਕੀਤੇ ਜਾਣ ਦੇ ਮਾਮਲੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਕੋਈ ਵੱਡੀ ਰਾਹਤ ਹਾਸਲ ਨਾ ਹੋਣ ਤੋਂ ਬਾਅਦ 'ਆਪ' ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਤੇ 'ਆਪ' ਪਾਰਟੀ ਨੇ ਆਪਣੇ-ਆਪਣੇ ਪੱਧਰ 'ਤੇ ਕਾਨੂੰਨੀ ਰਾਏ ਹਾਸਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਪਾਰਟੀ ਵਿਚ ਅੰਦਰੂਨੀ ਹਲਚਲ ਵਧ ਗਈ ਹੈ। ਪਹਿਲਾਂ ਤੋਂ ਹੀ ਖਹਿਰਾ ਦੇ ਖਿਲਾਫ਼ ਝੰਡਾ ਬੁਲੰਦ ਕੀਤੇ ਹੋਏ 'ਆਪ' ਨੇਤਾਵਾਂ ਦਾ ਗਰੁੱਪ ਇਕ ਵਾਰ ਫਿਰ ਤੋਂ ਮੁਖਰ ਹੋ ਗਿਆ ਹੈ, ਜਿਸ ਨਾਲ ਖਹਿਰਾ ਦੀਆਂ ਮੁਸ਼ਕਿਲਾਂ ਵਧਣੀਆਂ ਤੈਅ ਹਨ। ਉਥੇ ਹੀ ਪਾਰਟੀ ਵਲੋਂ ਇਸ ਮਾਮਲੇ ਕਾਰਨ ਪਾਰਟੀ ਦੀ ਇੱਜ਼ਤ 'ਤੇ ਪੈਣ ਵਾਲੇ ਪ੍ਰਭਾਵ ਨੂੰ ਦੇਖਦਿਆਂ ਕਾਨੂੰਨੀ ਰਾਏ ਹਾਸਿਲ ਕਰਨ ਤੱਕ ਕੋਈ ਵੀ ਫੈਸਲਾ ਲੈਣ 'ਤੇ ਸੰਜਮ ਵਰਤਣ ਦੀ ਨੀਤੀ ਬਣਾਈ ਗਈ ਹੈ। ਸੂਬਾ ਲੀਡਰਸ਼ਿਪ ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਸਬੰਧੀ ਕੌਮੀ ਨੇਤਾਵਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸੇ ਦਰਮਿਆਨ ਪ੍ਰਦੇਸ਼ ਪ੍ਰਧਾਨ ਭਗਵੰਤ ਮਾਨ ਵਲੋਂ ਵੀ ਸੁਖਪਾਲ ਸਿੰਘ ਖਹਿਰਾ ਨਾਲ ਗੱਲ ਕਰਕੇ ਤਾਜ਼ਾ ਫੈਸਲੇ ਦੀ ਜਾਣਕਾਰੀ ਹਾਸਿਲ ਕੀਤੀ ਗਈ ਤੇ ਪਾਰਟੀ ਵਲੋਂ ਉਨ੍ਹਾਂ ਨਾਲ ਡਟ ਕੇ ਖੜ੍ਹੇੇ ਰਹਿਣ ਦੀ ਤਸੱਲੀ ਦਿੱਤੀ ਗਈ।