ਸਿਮਰਜੀਤ ਬੈਂਸ ਦੇ ਹੱਕ 'ਚ ਉਤਰੇ ਖਹਿਰਾ, ਟਵੀਟ ਕਰਕੇ ਕੱਢੀ ਭੜਾਸ

04/25/2018 3:58:13 PM

ਚੰਡੀਗੜ੍ਹ : ਲੁਧਿਆਣਾ 'ਚ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖਿਲਾਫ ਪੁਲਸ ਵਲੋਂ ਮਾਮਲਾ ਦਰਜ ਕੀਤੇ ਜਾਣ ਦੀ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਉਨ੍ਹਾਂ ਦੇ ਹੱਕ 'ਚ ਉਤਰ ਆਏ ਹਨ। ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕੈਪਟਨ ਸਰਕਾਰ ਖਿਲਾਫ ਖੂਬ ਭੜਾਸ ਕੱਢੀ ਹੈ। ਖਹਿਰਾ ਨੇ ਕਿਹਾ ਕਿ ਉਹ ਪੁਲਸ ਵਲੋਂ ਡਰੱਗ ਮਾਫੀਆ ਖਿਲਾਫ ਕਾਰਵਾਈ ਕਰਨ ਦੀ ਬਜਾਏ ਸੱਚ ਦੀ ਆਵਾਜ਼ ਨੂੰ ਦਬਾਏ ਜਾਣ ਦੀ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੁਲਸ ਨੇ ਪਾਸਪੋਰਟ ਦਫਤਰ 'ਚ ਗਲਤ ਹੋ ਰਹੇ ਕੰਮ ਸਬੰਧੀ ਕਾਰਵਾਈ ਕਰਨ ਦੀ ਬਜਾਏ ਬੈਂਸ ਖਿਲਾਫ ਹੀ ਕੇਸ ਦਰਜ ਕਰ ਲਿਆ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੈਪਟਨ ਵੀ ਸੱਚ ਦੀ ਆਵਾਜ਼ ਨੂੰ ਦਬਾ ਰਹੇ ਹਨ, ਜੋ ਕਿ ਬਹੁਤ ਗਲਤ ਹੈ। 
ਜ਼ਿਕਰਯੋਗ ਹੈ ਕਿ ਜ਼ਿਲਾ ਪਾਸਪੋਰਟ ਦਫਤਰ ਵਿਖੇ ਸ਼ਿਕਾਇਤ ਕਰਤਾ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਚੱਲ ਰਹੀ ਏਜੰਟਾਂ ਦੀ ਧਾਂਦਲੀ ਨੂੰ ਨੱਥ ਪਾਉਣ ਲਈ ਸਿਮਰਜੀਤ ਬੈਂਸ ਵਲੋਂ ਛਾਪਾ ਮਾਰਿਆ ਗਿਆ।  ਇਸ ਦੌਰਾਨ ਗੱਲਬਾਤ ਕਰਦਿਆਂ ਵਿਧਾਇਕ ਬੈਂਸ ਨੇ ਦੱਸਿਆ ਕਿ ਜ਼ਿਲਾ ਪਾਸਪੋਰਟ ਦਫਤਰ ਵਿਖੇ ਕਾਗਜ਼ੀ ਕਾਰਵਾਈ ਨੂੰ ਪੂਰਾ ਕਰਵਾਉਣ ਲਈ ਦਫਤਰਾਂ 'ਚ ਏਜੰਟਾਂ ਵੱਲੋਂ ਆਮ ਲੋਕਾਂ ਨਾਲ ਧੋਖੇਬਾਜ਼ੀ ਕੀਤੀ ਜਾ ਰਹੀ ਹੈ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਪਾਸਪੋਰਟ ਅਧਿਕਾਰੀ ਨਾਲ ਬਹਿਸ ਹੋ ਗਈ, ਜਿਸ ਕਾਰਨ ਬਾਅਦ 'ਚ ਉਨ੍ਹਾਂ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ।