'ਰੈਫਰੈਂਡਮ-2020' 'ਤੇ ਸੁਖਪਾਲ ਖਹਿਰਾ ਦਾ ਵਿਰੋਧੀਆਂ ਨੂੰ ਤਿੱਖਾ ਜਵਾਬ (ਵੀਡੀਓ)

06/21/2018 2:26:29 PM

ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ 'ਰੈਫਰੈਂਡਮ-2020' 'ਤੇ ਆਪਣੇ ਵਿਰੋਧੀਆਂ ਨੂੰ ਤਿੱਖਾ ਜਵਾਬ ਦਿੱਤਾ ਹੈ। ਸੁਖਪਾਲ ਖਹਿਰਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਅਜਿਹਾ ਨਹੀਂ ਹੈ ਕਿ 'ਆਪ' ਸੁਪਰੀਮੋ ਕੇਜਰੀਵਾਲ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ, ਸਗੋਂ 9 ਦਿਨਾਂ ਦੇ ਧਰਨੇ ਤੋਂ ਬਾਅਦ ਉਨ੍ਹਾਂ ਦੀ ਸਿਹਤ ਕੁਝ ਠੀਕ ਨਹੀਂ ਸੀ, ਇਸ ਲਈ ਉਨ੍ਹਾਂ ਨੇ ਕੇਜਰੀਵਾਲ ਨਾਲ ਮੁਲਾਕਾਤ ਕਰਨਾ ਸਹੀ ਨਹੀਂ ਸਮਝਿਆ। ਮਨੀਸ਼ ਸਿਸੋਦੀਆਂ ਤੋਂ ਲੱਗੀ ਫਟਕਾਰ ਬਾਰੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਮਨੀਸ਼ ਜੀ ਨਾਲ ਕਰੀਬ ਅੱਧੇ ਤੋਂ ਜ਼ਿਆਦਾ ਗੱਲਬਾਤ ਹੋਈ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਕੋਈ ਫਟਕਾਰ ਨਹੀਂ ਲਾਈ ਗਈ, ਸਗੋਂ ਮਨੀਸ਼ ਸਿਸੋਦੀਆ ਵਲੋਂ ਉਨ੍ਹਾਂ ਨੂੰ ਆਪਣਾ ਪੱਖ ਹੋਰ ਜ਼ੋਰਦਾਰ ਤਰੀਕੇ ਨਾਲ ਰੱਖਣ ਦੀ ਸਲਾਹ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਵਲੋਂ ਉਨ੍ਹਾਂ ਸਬੰਧੀ ਝੂਠਾ ਹੀ ਪ੍ਰਚਾਰ ਕੀਤਾ ਜਾ ਰਿਹਾ ਹੈ, ਜਦੋਂ ਕਿ ਉਨ੍ਹਾਂ ਨੇ ਕਿਤੇ ਵੀ ਖਾਲਿਸਤਾਨ ਦੀ ਹਮਾਇਤ ਦੀ ਗੱਲ ਨਹੀਂ ਕੀਤੀ ਹੈ। 

ਕੀ ਹੈ 'ਰੈਫਰੈਂਡਮ-2020'
'ਰੈਫਰੈਂਡਮ' ਮਤਲਬ ਕਿ 'ਰਾਏਸ਼ੁਮਾਰੀ'। ਇਸ ਦੀ ਸ਼ੁਰੂਆਤ 'ਸਿੱਖ ਫਾਰ ਜਸਟਿਸ' ਨੇ ਸਾਲ 2014 'ਚ ਕੀਤੀ ਸੀ। ਇਸ ਸੰਸਥਾ ਦੇ ਲੀਗਲ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ 'ਰੈਫਰੈਂਡਮ-2020' ਦੀ ਸ਼ੁਰੂਆਤ ਕੀਤੀ। ਅਸਲ 'ਚ ਖਾਲਿਸਤਾਨ ਦਾ ਸਮਰਥਨ ਕਰਨ ਵਾਲੇ ਕਈ ਸਮੂਹ ਵਿਦੇਸ਼ਾਂ 'ਚ ਸਰਗਰਮ ਹਨ ਅਤੇ ਭਾਰਤ 'ਚ ਸਿੱਖਾਂ ਲਈ ਵੱਖਰੇ ਖਾਲਿਸਤਾਨ ਦੀ ਮੰਗ ਕਰਦੇ ਹਨ। ਅਜਿਹੇ ਲੋਕ ਵਿਦੇਸ਼ੀ ਤਾਕਤਾਂ ਦੇ ਦਖਲ ਨਾਲ ਪੰਜਾਬ 'ਚ ਅਸ਼ਾਂਤੀ ਫੈਲਾਉਣਾ ਚਾਹੁੰਦੇ ਹਨ। ਇਸ ਲਈ ਜਦੋਂ ਵੀ 'ਰੈਫਰੈਂਡਮ-2020' ਦੇ ਸਮਰਥਨ ਜਾਂ ਫਿਰ ਵਿਰੋਧ 'ਚ ਕੋਈ ਬਿਆਨ ਆਉਂਦਾ ਹੈ ਤਾਂ ਪੰਜਾਬ ਦੀ ਸਿਆਸਤ ਗਰਮਾ ਜਾਂਦੀ ਹੈ।