ਅਦਾਲਤੀ ਸੰਮਨ ਨੂੰ ਲੈ ਕੇ ਪੰਚਾਇਤ ਮੰਤਰੀ ਧਾਲੀਵਾਲ ’ਤੇ ਸੁਖਪਾਲ ਖਹਿਰਾ ਦਾ ਨਿਸ਼ਾਨਾ, ਕਹੀ ਇਹ ਗੱਲ

06/12/2022 5:41:46 PM

ਚੰਡੀਗੜ੍ਹ (ਬਿਊਰੋ) : ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਅਦਾਲਤ ਵੱਲੋਂਂ ਸੰਮਨ ਜਾਰੀ ਹੋਣ ’ਤੇ ਨਿਸ਼ਾਨਾ ਲਾਇਆ ਹੈ। ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਮੰਤਰੀ ਨੂੰ ਸਿਸਵਾਂ ਨੇੜੇ ਪੰਚਾਇਤੀ ਜ਼ਮੀਨ ਦੇ ਪਹਿਲੇ ਅਖੌਤੀ ਕਬਜ਼ੇ ’ਚ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਲਈ ਖਰੜ ਦੀ ਅਦਾਲਤ ਨੇ ਮਾਣਹਾਨੀ ਨੋਟਿਸ ਜਾਰੀ ਕੀਤਾ ਹੈ। ਕਾਂਗਰਸੀ ਵਿਧਾਇਕ ਨੇ ਕਿਹਾ ਕਿ ਜਦੋਂ ਤੁਸੀਂ ਨਿਯਮਾਂ ਨੂੰ ਬਾਈਪਾਸ ਕਰਕੇ ਸਸਤੀ ਵਾਹ-ਵਾਹੀ ਕਮਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਅਜਿਹਾ ਹੀ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਖਰੜ ਦੀ ਅਦਾਲਤ ਨੇ ਸੰਮਨ ਜਾਰੀ ਕੀਤੇ ਹਨ। ਅਦਾਲਤ ਨੇ ਧਾਲੀਵਾਲ ਨੂੰ 25 ਜੁਲਾਈ ਨੂੰ ਪੇਸ਼ ਹੋਣ ਲਈ ਆਖਿਆ ਹੈ। ਦੱਸ ਦੇਈਏ ਕਿ ਇਹ ਮਾਮਲਾ ਜ਼ਮੀਨ ਤੋਂ ਕਬਜ਼ੇ ਛੁਡਾਉਣ ਨਾਲ ਸਬੰਧਤ ਹੈ। ਇਹ ਕੇਸ ਸਿਸਵਾਂ ’ਚ ਪੰਚਾਇਤੀ ਜ਼ਮੀਨ ਛੁਡਾਉਣ ਦਾ ਹੈ। ਇਹ ਜ਼ਮੀਨ ਨਾਜਾਇਜ਼ ਕਬਜ਼ਾ ਦੱਸ ਕੇ ਛੁਡਵਾਈ ਗਈ ਸੀ। ਇਹ ਜ਼ਮੀਨ ਕੈਪਟਨ ਬਿਕਰਮਜੀਤ ਸਿੰਘ ਤੋਂ ਛੁਡਵਾਈ ਗਈ ਸੀ। ਸਿਸਵਾਂ ਸਥਿਤ ਪੰਚਾਇਤੀ ਜ਼ਮੀਨ ’ਤੇ ਇਹ ਕਾਰਵਾਈ 28 ਅਪ੍ਰੈਲ ਨੂੰ ਕੀਤੀ ਗਈ ਸੀ, ਜਿਸ ਤੋਂ ਬਾਅਦ ਸਰਕਾਰ ਦੀ ਇਸ ਕਾਰਵਾਈ ਨੂੰ ਅਦਾਲਤ ’ਚ ਚੁਣੌਤੀ ਦਿੱਤੀ ਗਈ। ਹੁਣ ਅਦਾਲਤ ਨੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਇਸ ਮਾਮਲੇ ’ਚ ਸੰਮਨ ਜਾਰੀ ਕਰਕੇ ਤਲਬ ਕਰ ਲਿਆ ਹੈ।

Manoj

This news is Content Editor Manoj