100 ਦਿਨ ਪੂਰੇ ਹੋਣ 'ਤੇ ਖਹਿਰਾ ਦੇ ਕਾਂਗਰਸ ਸਰਕਾਰ 'ਤੇ ਤਿੱਖੇ ਹਮਲੇ (ਵੀਡੀਓ)

Wednesday, Jul 05, 2017 - 03:49 PM (IST)


ਚੰਡੀਗੜ੍ਹ— ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਕਾਂਗਰਸ ਸਰਕਾਰ ਦੇ 100 ਦਿਨ ਪੂਰੇ ਹੋਣ ਅਤੇ ਅਧੂਰੇ ਵਾਅਦਿਆਂ 'ਤੇ ਕਰੜੇ ਹੱਥੀਂ ਲਿਆ ਹੈ। ਖਹਿਰਾ ਨੇ ਕਿਹਾ ਕਾਂਗਰਸ ਸਰਕਾਰ ਇਨ੍ਹਾਂ 100 ਦਿਨਾਂ ਵਿਚ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ ਅਤੇ ਉਹ ਇਨ੍ਹਾਂ 100 ਦਿਨਾਂ ਲਈ ਉਸ ਨੂੰ ਜ਼ੀਰੋ ਨੰਬਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਿਰਫ ਪੱਗਾਂ ਦਾ ਰੰਗ ਹੀ ਬਦਲਿਆ ਹੈ ਪਰ ਵਰਕਰ ਕਲਚਰ ਅਕਾਲੀ ਦਲ ਵਾਲਾ ਹੀ ਹੈ। ਨੀਲੀ ਤੋਂ ਚਿੱਟੀ ਪੱਗ ਹੋ ਗਈ ਅਤੇ ਨੀਲੇ ਝੰਡੇ ਤੋਂ ਤਿਰੰਗਾ ਝੰਡਾ ਹੋ ਗਿਆ ਪਰ ਕੰਮ ਉਹੀ ਹੈ। ਕੁੱਲ ਮਿਲਾ ਕੇ ਇਹ ਕਾਂਗਰਸ ਅਤੇ ਅਕਾਲੀਆਂ ਦੀਆਂ ਮਿਲੀਭੁਗਤ ਵਾਲੀ ਸਰਕਾਰ ਹੈ।
 

100 ਦਿਨਾਂ 'ਚ 99 ਦਿਨ ਗੈਰ-ਹਾਜ਼ਰ ਰਹੇ ਕੈਪਟਨ—
ਖਹਿਰਾ ਨੇ ਕਿਹਾ ਕਿ ਇਹ ਸਰਕਾਰ ਬਾਬੂਆਂ ਦੀ ਸਰਕਾਰ ਹੈ। ਉਨ੍ਹਾਂ ਕਿਹਾ ਕਿ ਕੈਪਟਨ 'ਗੈਰ ਹਾਜ਼ਰ' ਮੁੱਖ ਮੰਤਰੀ ਹਨ। 100 ਦਿਨਾਂ 'ਤੋਂ 99 ਦਿਨ ਗੈਰ-ਹਾਜ਼ਰ ਲੈਣ ਵਾਲੇ ਕੈਪਟਨ ਨੂੰ ਪੰਜਾਬ ਬਾਰੇ ਕੁਝ ਨਹੀਂ ਪਤਾ। ਉਨ੍ਹਾਂ ਕਿਹਾ ਕਿ ਹੱਥ ਵਿਚ ਗੁੱਟਕਾ ਸਾਹਿਬ ਫੜ੍ਹ ਕੇ 4 ਹਫਤਿਆਂ ਵਿਚ ਨਸ਼ਾ ਖਤਮ ਕਰਨ ਦੀਆਂ ਸਹੁੰਆਂ ਖਾਣ ਵਾਲੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ।

ਸਿੱਧੂ ਜਿਨਾਂ ਮਰਜ਼ੀ ਜ਼ੋਰ ਲਗਾ ਲਵੇ, ਇਕ-ਮਿਕ ਹਨ ਕੈਪਟਨ ਅਤੇ ਬਾਦਲ— 
ਖਹਿਰਾ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਪਰਿਵਾਰ ਰਲੇ-ਮਿਲੇ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਚਾਹੇ ਕੇਬਲ ਮਾਮਲੇ ਵਿਚ ਹੋਏ ਕਰੋੜਾਂ ਦੀ ਧੋਖਾਧੜੀ ਮਾਮਲੇ ਵਿਚ ਚਾਹੇ ਜਿੰਨਾਂ ਮਰਜ਼ੀ ਜ਼ੋਰ ਲਗਾ ਲੈਣ, ਕੈਪਟਨ ਕੋਈ ਕਾਰਵਾਈ ਨਹੀਂ ਹੋਣ ਦੇਣਗੇ। ਬਾਦਲ ਜਾਣ ਲੱਗੇ ਕੈਪਟਨ ਦੇ ਖਿਲਾਫ ਸਾਰੇ ਮਾਮਲੇ ਖਤਮ ਕਰਦੇ ਉਨ੍ਹਾਂ ਦਾ ਰਾਹ ਪੱਧਰਾ ਕਰਕੇ ਗਏ ਹਨ ਅਤੇ ਕੈਪਟਨ ਉਨ੍ਹਾਂ ਦਾ ਸਾਥ ਦੇ ਰਹੇ ਹਨ। ਇਹ ਦੋਵੇਂ ਪਰਿਵਾਰ ਇਕ-ਮਿਕ ਹਨ ਅਤੇ ਇਕ-ਦੂਜੇ ਦਾ ਸਾਥ ਦਿੰਦੇ ਹਨ।

ਕਾਂਗਰਸ ਦੇ 100 ਦਿਨ, ਕਿਸਾਨਾਂ ਦੀਆਂ 100 ਖੁਦਕੁਸ਼ੀਆਂ
ਕਿਸਾਨਾਂ ਦੀ ਕਰਜ਼ਾ ਮੁਆਫੀ ਮੁੱਦੇ 'ਤੇ ਬੋਲਦੇ ਹੋਏ ਕਿਹਾ ਕਿ ਇਹ ਸਾਰਾ ਇਕ ਡਰਾਮਾ ਹੈ। ਕਾਂਗਰਸ ਸਰਕਾਰ ਨੇ ਸਿਰਫ ਇਕ ਸਾਲ ਦਾ ਕਰਜ਼ਾ ਮੁਆਫ ਕੀਤਾ ਹੈ। ਕਾਂਗਰਸ ਦੇ 100 ਦਿਨਾਂ ਵਿਚ 100 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਕਰਜ਼ਾ ਮੁਆਫੀ ਦੇ ਐਲਾਨ ਤੋਂ ਬਾਅਦ ਹੁਣ ਤੱਕ 15 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਕੈਪਟਨ ਜਾਂ ਫਿਰ ਉਨ੍ਹਾਂ ਦੀ ਸਰਕਾਰ ਦਾ ਕੋਈ ਵੀ ਨੁਮਾਇੰਦਾ ਕਦੇ ਕਿਸੇ ਕਿਸਾਨ ਦੇ ਘਰ ਨਹੀਂ ਪੁੱਜਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਸੰਭਾਲਣ ਦੀ ਲੋੜ। ਪੰਜਾਬ ਕੈਲੀਫੋਰਨੀਆਂ ਤੋਂ ਘੱਟ ਨਹੀਂ ਹੈ। ਇੱਥੇ ਕਣਕ ਅਤੇ ਝੋਨੇ ਨੂੰ ਛੱਡ ਕੇ ਹੋਰ ਫਸਲਾਂ ਵੱਲ ਵੀ ਧਿਆਨ ਦੇਣ ਅਤੇ ਉਨ੍ਹਾਂ ਦੀ ਮਾਰਕੀਟਿੰਗ ਦਾ ਪ੍ਰਬੰਧ ਕਰਨ ਦੀ ਲੋੜ ਹੈ।


Related News