ਬਠਿੰਡਾ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ ਸੁਖਪਾਲ ਖਹਿਰਾ

01/14/2019 7:54:21 AM

ਬਠਿੰਡਾ, (ਵਰਮਾ)— ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਆਪਣੀ ਬਣਾਈ ਪੰਜਾਬ ਏਕਤਾ ਪਾਰਟੀ ਦੇ ਸਰਪ੍ਰਸਤ ਸੁਖਪਾਲ ਸਿੰਘ ਖਹਿਰਾ ਨੇ ਬਠਿੰਡਾ 'ਚ ਆਪਣਾ ਦਫਤਰ ਖੋਲ੍ਹ ਕੇ ਸਿਆਸੀ ਹਲਕਿਆਂ ਵਿਚ ਹਲਚਲ ਪੈਦਾ ਕਰ ਦਿੱਤੀ ਹੈ।ਸਾਰੀਆਂ ਛੋਟੀਆਂ-ਵੱਡੀਆਂ ਪਾਰਟੀਆਂ ਦੇ ਨਾਰਾਜ਼ ਆਗੂ ਤੇ ਵਰਕਰ ਸੁਖਪਾਲ ਸਿੰਘ ਖਹਿਰਾ ਨਾਲ ਲਗਾਤਾਰ ਸੰਪਰਕ ਕਰਨ ਵਿਚ ਜੁਟੇ ਹੋਏ ਹਨ, ਜਿਸ ਨਾਲ ਖਹਿਰਾ ਦੀ ਪਾਰਟੀ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ, ਇਸ ਲਈ ਉਨ੍ਹਾਂ ਨੇ ਬਠਿੰਡਾ ਵਿਚ ਦਫਤਰ ਖੋਲ੍ਹ ਕੇ ਉਨ੍ਹਾਂ ਨਾਲ ਜੁੜਨ ਦੀ ਅਪੀਲ ਕੀਤੀ ਹੈ।ਉਨ੍ਹਾਂ ਬਠਿੰਡਾ ਤੋਂ 'ਆਪ' ਦੀ ਟਿਕਟ 'ਤੇ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਦੀਪਕ ਬਾਂਸਲ ਨੂੰ ਹੀ ਪ੍ਰਧਾਨ ਲਾਉਣ ਦਾ ਐਲਾਨ ਕੀਤਾ।ਖਹਿਰਾ ਨੇ ਕਿਹਾ ਕਿ ਪਾਰਟੀ ਵਰਕਰਾਂ ਅਤੇ ਵੋਟਰਾਂ ਦੇ ਫੈਸਲਿਆਂ 'ਤੇ ਹੀ ਉਹ ਬਠਿੰਡਾ ਤੋਂ ਲੋਕ ਸਭਾ ਚੋਣ ਲੜਨਗੇ।

ਇਸ ਤੋਂ ਇਲਾਵਾ ਖਹਿਰਾ ਨੇ ਦੋਸ਼ ਲਾਇਆ ਕਿ ਬਾਦਲ ਤੇ ਕੈਪਟਨ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ ਅਤੇ ਦੋਵਾਂ ਨੇ ਆਪਸ ਵਿਚ ਮਿਲ ਕੇ ਪੰਜਾਬ ਨੂੰ ਲੁੱਟਿਆ ਹੈ। ਪਰਿਵਾਰਵਾਦ ਨਾਲ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਹੀ ਉਨ੍ਹਾਂ ਨੇ ਖੁਦ ਆਪਣੀ ਪੰਜਾਬ ਏਕਤਾ ਪਾਰਟੀ ਬਣਾਈ ਹੈ ਅਤੇ ਉਨ੍ਹਾਂ ਨੇ ਹਮਖਿਆਲੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ। ਅਕਾਲੀ ਦਲ ਟਕਸਾਲੀ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਜ਼ਿਕਰ ਕਰਦਿਆਂ ਖਹਿਰਾ ਨੇ ਕਿਹਾ ਕਿ ਜਲਦ ਹੀ ਅਕਾਲੀ ਦਲ ਟਕਸਾਲੀ ਵੀ ਉਨ੍ਹਾਂ ਨਾਲ ਆ ਜਾਣਗੇ।20 ਜਨਵਰੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬਰਨਾਲਾ ਵਿਚ ਕੀਤੀ ਜਾ ਰਹੀ ਰੈਲੀ 'ਤੇ ਖਹਿਰਾ ਨੇ ਕਿਹਾ ਕਿ ਕੇਜਰੀਵਾਲ ਫਿਰ ਤੋਂ ਪੰਜਾਬ ਵਾਸੀਆਂ ਨੂੰ ਮੂਰਖ ਬਣਾਉਣ ਲਈ ਆ ਰਹੇ ਹਨ ਪਰ ਇਸ ਵਾਰ ਪੰਜਾਬ ਵਾਸੀ ਕੇਜਰੀਵਾਲ ਦੇ ਝਾਂਸੇ ਵਿਚ ਨਹੀਂ ਆਉਣਗੇ। 
ਬਾਦਲ ਪਰਿਵਾਰ 'ਤੇ ਦੋਸ਼ ਲਾਉਂਦਿਆਂ ਖਹਿਰਾ ਨੇ ਕਿਹਾ ਕਿ ਬਾਦਲ ਸਰਕਾਰ ਨੇ ਆਪਣੇ ਸਮੇਂ ਵਿਚ ਬੇਅਦਬੀ ਕਾਂਡ ਦੀ ਜਾਂਚ ਇਸ ਲਈ ਨਹੀਂ ਕਰਵਾਈ ਕਿਉਂਕਿ ਬੇਅਦਬੀ ਕਰਵਾਉਣ ਵਾਲਾ ਹੀ ਬਾਦਲ ਪਰਿਵਾਰ ਸੀ।ਇਸ ਤੋਂ ਇਲਾਵਾ ਕਾਂਗਰਸ ਸਰਕਾਰ 'ਤੇ ਹਮਲਾ ਬੋਲਦਿਆਂ ਖਹਿਰਾ ਨੇ ਕਿਹਾ ਕਿ ਬਰਗਾੜੀ ਬੇਅਦਬੀ ਕਾਂਡ ਨੂੰ ਲੈ ਕੇ ਪੁਲਸ ਵੱਲੋਂ ਥਰਡ ਡਿਗਰੀ ਟਾਰਚਰ ਕੀਤੇ ਗਏ ਵਿਅਕਤੀਆਂ ਨੂੰ ਸਰਕਾਰ ਨੇ 5 ਤੇ 15 ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਪਰ ਇਕ ਸਾਲ ਲੰਘ ਜਾਣ ਤੋਂ ਬਾਅਦ ਵੀ ਪੀੜਤ ਪਰਿਵਾਰਾਂ ਨੂੰ ਸਰਕਾਰ ਤੋਂ ਕੁਝ ਨਹੀਂ ਮਿਲਿਆ।