ਅਸਤੀਫਾ ਵਾਪਸ ਲੈਣ ਪਿੱਛੋਂ ਖਹਿਰਾ ਨੇ ਕੇਜਰੀਵਾਲ ਤੇ ਭਗਵੰਤ ਮਾਨ ਵੱਲ ਬੀੜੀਆਂ ਤੋਪਾਂ

10/23/2019 6:51:01 PM

ਚੰਡੀਗੜ੍ਹ : ਵਿਧਾਇਕੀ ਤੋਂ ਦਿੱਤਾ ਅਸਤੀਫਾ ਵਾਪਸ ਲੈਣ ਤੋਂ ਬਾਅਦ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ 'ਤੇ ਖੁੱਲ੍ਹ ਕੇ ਭੜਾਸ ਕੱਢੀ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ 'ਚੋਂ ਬਾਹਰ ਕੱਢੇ ਜਾਣ ਸਮੇਂ ਕੇਜਰੀਵਾਲ ਨੇ ਇਕ ਤਾਨਾਸ਼ਾਹ ਦੇ ਤੌਰ 'ਤੇ ਕਾਰਵਾਈ ਕੀਤੀ ਅਤੇ ਆਪਣੇ ਹੀ ਬਣਾਏ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ। ਖਹਿਰਾ ਨੇ ਕਿਹਾ ਕਿ ਪਾਰਟੀ ਦੇ ਦੋਫਾੜ ਹੋਣ ਦਾ ਅਸਲੀ ਜ਼ਿੰਮੇਵਾਰ ਖੁਦ ਕੇਜਰੀਵਾਲ ਹੀ ਸੀ, ਜਦੋਂ ਉਸ ਨੇ ਬਿਕਰਮ ਮਜੀਠੀਆ 'ਤੇ ਲਾਏ ਗਏ ਆਪਣੇ ਨਸ਼ੇ ਸਬੰਧੀ ਦੋਸ਼ਾਂ ਦੀ ਕਾਇਰਤਾਪੂਰਨ ਤਰੀਕੇ ਨਾਲ ਮੁਆਫੀ ਮੰਗੀ ਸੀ। ਖਹਿਰਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਅਤੇ ਹੋਰ ਵਿਧਾਇਕਾਂ ਨੇ ਇਸ ਬੁਜ਼ਦਿਲੀ ਦਾ ਵਿਰੋਧ ਕੀਤਾ ਤਾਂ ਕੇਜਰੀਵਾਲ ਉਨ੍ਹਾਂ ਅਤੇ ਦੂਜੇ ਵਿਧਾਇਕਾਂ ਖਿਲਾਫ ਬਦਲਾਖੋਰੀ ਦੀ ਕਾਰਵਾਈ ਕਰਨ ਲੱਗਾ।

ਖਹਿਰਾ ਨੇ ਕਿਹਾ ਕਿ ਇਸ ਤਾਨਾਸ਼ਾਹੀ ਰਵੱਈਏ ਵਾਲੇ ਕੇਜਰੀਵਾਲ ਨੇ ਪਹਿਲਾਂ 26 ਜੁਲਾਈ 2018 ਨੂੰ ਉਨ੍ਹਾਂ ਨੂੰ ਨੇਤਾ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਉਣ ਦਾ ਹੁਕਮ ਦਿੱਤਾ ਅਤੇ ਫਿਰ 3 ਨਵੰਬਰ 2018 ਨੂੰ ਉਨ੍ਹਾਂ ਨੂੰ ਅਤੇ ਕੰਵਰ ਸੰਧੂ ਨੂੰ ਪਾਰਟੀ ਤੋਂ ਸਸਪੈਂਡ ਕੀਤਾ ਗਿਆ, ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਮੀਡੀਆ ਤੋਂ ਹੀ ਮਿਲੀ, ਹਾਲਾਂਕਿ ਪਾਰਟੀ ਵੱਲੋਂ ਕੋਈ ਲਿਖਤੀ ਸੂਚਨਾ ਨਹੀਂ ਦਿੱਤੀ ਗਈ। ਖਹਿਰਾ ਨੇ ਕਿਹਾ ਕਿ ਇਸੇ ਤਰ੍ਹਾਂ ਬਾਅਦ 'ਚ ਇਕ ਪਾਰਟੀ ਨੇਤਾ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ ਅਤੇ ਉਹ ਕਿਤੇ ਵੀ ਜਾਣ ਲਈ ਆਜ਼ਾਦ ਹਨ। 

ਭਗਵੰਤ ਮਾਨ 'ਤੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਐੱਚ. ਐੱਸ. ਫੂਲਕਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਿਰੋਧ 'ਚ ਅਸਤੀਫਾ ਦਿੱਤਾ ਸੀ ਜਦਕਿ ਭਗਵੰਤ ਮਾਨ ਨੇ ਉਨ੍ਹਾਂ ਨੂੰ ਵੀ ਨਹੀਂ ਬਖਸ਼ਿਆ ਅਤੇ ਕਿਹਾ ਕਿ ਫੂਲਕਾ ਨੇ ਦਾਖਾ ਦੀ ਜਨਤਾ ਦੇ ਪਿੱਠ 'ਚ ਛੁਰਾ ਮਾਰਿਆ ਹੈ। ਲਿਹਾਜ਼ਾ ਜੇਕਰ ਮੈਂ ਅਸਤੀਫਾ ਦਿੰਦਾ ਹਾਂ ਤਾਂ ਮੈਨੂੰ ਵੀ ਅਜਿਹੀਆਂ ਟਿੱਪਣੀਆਂ ਸੁਣਨੀਆਂ ਪੈਂਦੀਆਂ। ਖਹਿਰਾ ਨੇ ਕਿਹਾ ਕਿ ਹੁਣ ਕੇਜਰੀਵਾਲ ਦਾ ਖੁਸ਼ਾਮਦੀ ਟੋਲਾ ਉਨ੍ਹਾਂ ਨੂੰ ਸਸਪੈਂਡ ਕੀਤੇ ਜਾਣ ਸਬੰਧੀ ਫਰਜ਼ੀ ਰਿਕਾਰਡ ਤਿਆਰ ਕਰੇਗਾ। ਖਹਿਰਾ ਨੇ ਕਿਹਾ ਕਿ ਇਸ ਤੋਂ ਇਲਾਵਾ ਭੁਲੱਥ ਹਲਕੇ ਦੇ ਕਈ ਸਤਿਕਾਰਯੋਗ ਲੋਕਾਂ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਵਿਧਾਨ ਸਭਾ ਤੋਂ ਅਸਤੀਫਾ ਨਾ ਦੇਣ ਦੀ ਸਲਾਹ ਦਿੱਤੀ ਕਿਉਂਕਿ ਇਸ ਨਾਲ ਵੋਟਰਾਂ 'ਤੇ ਗੈਰ-ਜ਼ਰੂਰੀ ਉਪ ਚੋਣ ਦਾ ਬੋਝ ਪਵੇਗਾ।

Gurminder Singh

This news is Content Editor Gurminder Singh