ਹਾਈਕੋਰਟ ਤੋਂ ਰਾਹਤ ਨਾ ਮਿਲਣ ''ਤੇ ਸੁਖਪਾਲ ਖਹਿਰਾ ਨੈਤਿਕਤਾ ਦੇ ਆਧਾਰ ''ਤੇ ਦੇਣ ਆਪਣਾ ਅਸਤੀਫਾ : ਰਣਜੀਤ ਰਾਣਾ

11/18/2017 4:24:27 AM

ਜਲੰਧਰ(ਚੋਪੜਾ)-ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਹਾਈਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੂੰ ਨੈਤਿਕਤਾ ਦੇ ਆਧਾਰ 'ਤੇ ਆਪਣਾ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਕਤ ਮੰਗ ਭੁਲੱਥ ਤੋਂ ਕਾਂਗਰਸੀ ਆਗੂ ਰਣਜੀਤ ਸਿੰਘ ਰਾਣਾ ਨੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਨ ਦੌਰਾਨ ਕੀਤੀ। ਰਾਣਾ ਨੇ ਕਿਹਾ ਕਿ ਖਹਿਰਾ ਦੀ ਪਿਛੋਕੜ ਜ਼ਮੀਨ ਹਮੇਸ਼ਾ ਅਪਰਾਧਕ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਇਕ ਖਹਿਰਾ ਗੁਰਦੇਵ ਸਿੰਘ ਦੇ ਨਾਲ ਮਿਲ ਕੇ ਲੰਬੇ ਸਮੇਂ ਤੋਂ ਨਸ਼ੇ ਦੀ ਵਿਕਰੀ ਕਰਦਾ ਰਿਹਾ ਹੈ ਅਤੇ ਇਸ ਧੰਦੇ ਦੀ ਕਾਲੀ ਕਮਾਈ ਨਾਲ ਖਹਿਰਾ ਨੇ ਚੰਡੀਗੜ੍ਹ ਤੇ ਰਾਮਗੜ੍ਹ ਵਿਚ ਕਈ ਕੋਠੀਆਂ ਬਣਾਈਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਕਰਵਾਈ ਜਾਵੇ ਤਾਂ ਖਹਿਰਾ ਦੇ ਕਈ ਬੇਨਾਮੀ ਪਲਾਟ ਅਤੇ ਹੋਰ ਜਾਇਦਾਦਾਂ ਵਿਚ ਬੇਨਾਮੀ ਹਿੱਸੇਦਾਰੀਆਂ ਦਾ ਖੁਲਾਸਾ ਹੋਵੇਗਾ। ਰਾਣਾ ਨੇ ਖਹਿਰਾ 'ਤੇ ਦੋਸ਼ ਲਾਉਂਦੇ ਹੋਏ ਟ੍ਰੈਵਲ ਏਜੰਟਾਂ ਦਾ ਸਰਗਣਾ ਵੀ ਦੱਸਿਆ। ਉਨ੍ਹਾਂ ਕਿਹਾ ਕਿ ਖਹਿਰਾ ਨੇ ਡਾ. ਸੁਰਿੰਦਰ ਕੱਕੜ, ਰਣਜੀਤ ਸਿੰਘ ਖੱਸਣ ਅਤੇ ਆਪ ਪਾਰਟੀ ਦੇ ਆਗੂਆਂ ਨਾਲ ਮਿਲ ਕੇ ਟ੍ਰੈਵਲ ਏਜੰਟੀ ਦਾ ਗਰੁੱਪ ਬਣਾਇਆ ਹੋਇਆ ਸੀ, ਜਿਨ੍ਹਾਂ ਵੱਲੋਂ ਸਮੁੰਦਰ ਦੇ ਰਸਤੇ ਅਮਰੀਕਾ ਭੇਜੇ ਗਏ ਬੱਚੇ ਡੁੱਬ ਕੇ ਮਰ ਗਏ। ਹੁਣ ਬੱਚਿਆਂ ਦੇ ਮਾਂ-ਬਾਪ ਤੋਂ ਸੱਚਾਈ ਲੁਕਾ ਕੇ ਉਨ੍ਹਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ। ਰਾਣਾ ਨੇ ਕਿਹਾ ਕਿ ਖਹਿਰਾ ਨੇ ਵਿਧਾਨ ਸਭਾ ਚੋਣਾਂ ਵਿਚ ਆਪਣੀ ਸਿੱਖਿਅਕ ਯੋਗਤਾ ਦਾ ਵੀ ਗਲਤ ਜ਼ਿਕਰ ਕੀਤਾ ਹੈ। ਇਸ ਮੌਕੇ 'ਤੇ ਕੁਲਵੰਤ ਸਿੰਘ, ਰਣਜੀਤ ਸਿੰਘ ਢਿੱਲੋਂ, ਤਜਿੰਦਰਪਾਲ ਸਿੰਘ, ਸੁਖਦੇਵ ਸਿੰਘ, ਅਜੀਤ ਸਿੰਘ, ਮਨੋਹਰ ਲਾਲ ਆਦਿ ਮੌਜੂਦ ਸਨ।