ਤੀਜੇ ਫਰੰਟ ਦੀ ਖਿਚੜੀ ਪਕਾਉਣ ਦੀ ਕੋਸ਼ਿਸ਼ ''ਚ ਅਜੇ ਵੀ ਨੇਤਾ

06/01/2019 1:25:33 PM

ਚੰਡੀਗੜ੍ਹ (ਰਮਨਜੀਤ) :  ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਪੰਜਾਬ 'ਚ ਇਕ ਵਾਰ ਫਿਰ ਤੋਂ 'ਤੀਜੇ ਫਰੰਟ' ਨੂੰ ਲੈ ਕੇ ਨੇਤਾਵਾਂ 'ਚ ਚਰਚਾ ਛਿੜ ਗਈ ਹੈ। ਹਾਲਾਂਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਸੁਖਪਾਲ ਸਿੰਘ ਖਹਿਰਾ ਅਤੇ ਆਮ ਆਦਮੀ ਪਾਰਟੀ ਪ੍ਰਧਾਨ ਭਗਵੰਤ ਮਾਨ ਵੱਲੋਂ ਆਪਣੇ-ਆਪਣੇ ਪੱਧਰ 'ਤੇ ਯਤਨ ਕੀਤੇ ਗਏ ਸਨ ਪਰ ਇਹ ਪੂਰੀ ਤਰ੍ਹਾਂ ਨਾਲ ਸਫਲ ਨਹੀਂ ਹੋ ਸਕੇ ਸਨ। ਭਲੇ ਹੀ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਬੈਨਰ ਹੇਠ ਸੁਖਪਾਲ ਸਿੰਘ ਖਹਿਰਾ, ਡਾ. ਧਰਮਵੀਰ ਗਾਂਧੀ, ਬੈਂਸ ਭਰਾ, ਬਹੁਜਨ ਸਮਾਜ ਪਾਰਟੀ ਅਤੇ ਖੱਬੇਪੱਖੀ ਇਕੱਠੇ ਹੋਏ ਵੀ ਪਰ ਇਸ ਦੇ ਬਾਵਜੂਦ ਵੀ ਕਿਸੇ ਵੀ ਸੀਟ 'ਤੇ ਸਫਲਤਾ ਹਾਸਲ ਨਹੀਂ ਹੋ ਸਕੀ। ਇੰਨਾ ਜ਼ਰੂਰ ਹੋਇਆ ਕਿ ਅਨੰਦਪੁਰ ਸਾਹਿਬ, ਜਲੰਧਰ ਅਤੇ ਹੁਸ਼ਿਆਰਪੁਰ ਵਰਗੀਆਂ ਸੀਟਾਂ 'ਤੇ ਗੱਠਜੋੜ ਉਮੀਦਵਾਰਾਂ ਨੂੰ ਚੰਗੇ ਵੋਟ ਹਾਸਿਲ ਹੋਏ, ਜਦੋਂਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਪ੍ਰਫਾਰਮੈਂਸ ਜ਼ਿਆਦਾ ਚੰਗੀ ਨਹੀਂ ਰਹੀ।

ਤੀਜੇ ਫਰੰਟ ਦੀ ਚਰਚਾ ਲਈ ਹੁਣ ਚੋਣ ਨਤੀਜਿਆਂ 'ਚ ਹਾਸਲ ਹੋਏ ਵੋਟਾਂ ਦੇ ਫ਼ੀਸਦੀ ਸਬੰਧੀ ਅੰਕੜਿਆਂ ਨੂੰ ਆਧਾਰ ਬਣਾਇਆ ਜਾ ਰਿਹਾ ਹੈ ਅਤੇ ਅਜਿਹੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ ਕਿ ਜੇਕਰ ਸਾਰੇ ਗੁੱਟ ਇਕੱਠੇ ਹੋ ਕੇ ਲੜਨ ਤਾਂ ਨਤੀਜੇ ਹੈਰਾਨ ਕਰਨ ਵਾਲੇ ਹੋ ਸਕਦੇ ਹਨ। ਰਵਾਇਤੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦਾ ਵਿਕਲਪ ਦੇਣ ਲਈ ਕੋਸ਼ਿਸ਼ ਵੀ ਸ਼ੁਰੂ ਹੋ ਗਈ ਹੈ। ਸੁਖਪਾਲ ਸਿੰਘ ਖਹਿਰਾ ਵੱਲੋਂ ਇਸ ਗੱਲ ਦੇ ਸੰਕੇਤ ਦੇ ਦਿੱਤੇ ਗਏ ਹਨ ਕਿ ਪੰਜਾਬ ਏਕਤਾ ਪਾਰਟੀ ਨੂੰ ਸਹਿਮਤੀ ਨਾਲ ਜਾਂ ਤਾਂ ਲੋਕ ਇਨਸਾਫ ਪਾਰਟੀ ਜਾਂ ਫਿਰ ਕਿਸੇ ਨਵੇਂ ਨਾਮ ਨਾਲ ਗਠਿਤ ਹੋਣ ਵਾਲੀ ਪਾਰਟੀ 'ਚ ਮਰਜ ਕਰ ਦਿੱਤਾ ਜਾਵੇਗਾ ਅਤੇ ਅਗਲੀਆਂ ਚੋਣਾਂ ਵੱਖ-ਵੱਖ ਪਾਰਟੀਆਂ ਦੇ ਨਾਮ ਅਤੇ ਝੰਡੇ ਹੇਠ ਨਹੀਂ, ਸਗੋਂ ਗਠਜੋੜ ਸਾਥੀਆਂ ਦੇ ਕਿਸੇ ਵੀ ਇਕ ਝੰਡੇ ਹੇਠ ਲੜੀਆਂ ਜਾਣਗੀਆਂ ਤਾਂ ਕਿ ਵੋਟਰਾਂ ਨੂੰ ਵੀ ਮਜ਼ਬੂਤ ਤਸਵੀਰ ਪੇਸ਼ ਕੀਤੀ ਜਾ ਸਕੇ। ਦਰਅਸਲ ਲੋਕ ਸਭਾ ਚੋਣਾਂ 'ਚ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਕੋਈ ਉਮੀਦਵਾਰ ਤਾਂ ਨਹੀਂ ਜਿੱਤਿਆ ਹੈ ਪਰ ਵੋਟ ਫ਼ੀਸਦੀ ਹਾਸਲ ਕਰਨ 'ਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਤੋਂ ਬਾਅਦ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦਾ ਹੀ ਨੰਬਰ ਹੈ। ਆਮ ਆਦਮੀ ਪਾਰਟੀ ਵੀ ਵੋਟ ਫ਼ੀਸਦੀ ਦੇ ਮਾਮਲੇ 'ਚ ਇਸ ਅਲਾਇੰਸ ਤੋਂ ਕਿਤੇ ਪਿੱਛੇ ਰਹੀ ਹੈ, ਜਿਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਤੀਜੇ ਵਿਕਲਪ ਦੇ ਤੌਰ 'ਤੇ ਪ੍ਰਚਾਰਿਤ ਕੀਤਾ ਗਿਆ ਸੀ ਅਤੇ ਲੋਕਾਂ ਨੇ ਆਪ ਨੂੰ ਚੰਗਾ ਹੁੰਗਾਰਾ ਵੀ ਦਿੱਤਾ ਪਰ ਸਾਰਾ ਖੁਮਾਰ ਇਸ ਵਾਰ ਦੇ ਚੋਣ ਨਤੀਜਿਆਂ ਨੇ ਉਤਾਰ ਦਿੱਤਾ ਹੈ। ਸ਼ਾਇਦ ਇਹੀ ਕਾਰਨ ਰਿਹਾ ਕਿ ਡੈਮੋਕ੍ਰੇਟਿਕ ਅਲਾਇੰਸ ਇਨ੍ਹਾਂ ਚੋਣਾਂ 'ਚ ਲਗਭਗ 10 ਫ਼ੀਸਦੀ ਵੋਟ ਸ਼ੇਅਰ ਲੈ ਗਿਆ, ਜਦੋਂਕਿ 2017 ਵਿਧਾਨ ਸਭਾ ਚੋਣਾਂ 'ਚ 23 ਫ਼ੀਸਦੀ ਵੋਟ ਸ਼ੇਅਰ ਲੈਣ ਵਾਲੀ ਆਮ ਆਦਮੀ ਪਾਰਟੀ ਇਸ ਵਾਰ ਵੋਟ ਫ਼ੀਸਦੀ 'ਚ ਦਹਾਈ ਦਾ ਅੰਕੜਾ (ਲਗਭਗ 7 ਫੀਸਦੀ) ਵੀ ਨਹੀਂ ਛੂਹ ਸਕੀ।

ਇਸ ਤੋਂ ਸਬਕ ਲੈਂਦੇ ਹੋਏ ਪੰਜਾਬ ਏਕਤਾ ਪਾਰਟੀ, ਲੋਕ ਇਨਸਾਫ ਪਾਰਟੀ ਅਤੇ ਨਵਾਂ ਪੰਜਾਬ ਪਾਰਟੀ ਇਕਜੁੱਟ ਹੋਣ ਬਾਰੇ ਵਿਚਾਰ ਕਰ ਰਹੀ ਹੈ। ਇਨ੍ਹਾਂ ਤਿੰਨਾਂ ਪਾਰਟੀਆਂ ਨੂੰ ਇਕ ਝੰਡੇ ਹੇਠ ਕਰਨ ਤੋਂ ਬਾਅਦ ਅੱਗੇ ਦੀ ਯੋਜਨਾ ਤਹਿਤ ਚੋਣ ਬਸਪਾ ਅਤੇ ਖੱਬੇਪੱਖੀਆਂ ਨਾਲ ਗੱਠਜੋੜ ਕਰਕੇ ਲੜਿਆ ਜਾਵੇਗਾ। ਹਾਲਾਂਕਿ ਕੁਝ ਵਿਧਾਇਕ ਇਸ ਤੀਜੇ ਵਿਕਲਪ 'ਚ ਆਮ ਆਦਮੀ ਪਾਰਟੀ ਨੂੰ ਵੀ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ 'ਆਈਸ ਬ੍ਰੇਕਿੰਗ' ਦੇ ਤੌਰ 'ਤੇ ਆਪ ਟਿਕਟ 'ਤੇ ਜਿੱਤੇ ਸਿਰਫ ਇਕ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸੁਖਪਾਲ ਸਿੰਘ ਖਹਿਰਾ ਅਤੇ ਨਾਰਾਜ਼ ਆਪ ਵਿਧਾਇਕ ਕੰਵਰ ਸੰਧੂ ਨੂੰ ਫੋਨ ਕੀਤਾ ਗਿਆ ਸੀ ਪਰ ਉਸ ਦੇ ਬਾਵਜੂਦ ਵੀ ਗੱਲ ਫਿਲਹਾਲ ਅੱਗੇ ਨਹੀਂ ਵਧ ਸਕੀ ਹੈ।

ਸੁਖਪਾਲ ਖਹਿਰਾ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਭਗਵੰਤ ਮਾਨ ਦਾ ਫੋਨ ਆਇਆ ਸੀ ਪਰ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਦਾ ਵਿਚਾਰ ਪੂਰੀ ਤਰ੍ਹਾਂ ਤਿਆਗਿਆ ਹੋਇਆ ਹੈ ਕਿਉਂਕਿ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪਹਿਲਾਂ ਮਜੀਠੀਆ ਤੋਂ ਮੁਆਫੀ ਮੰਗਣਾ ਅਤੇ ਫਿਰ ਲੋਕਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਲਈ ਕਾਂਗਰਸ ਦੀਆਂ ਮਿੰਨਤਾਂ ਕਰਨ ਤੋਂ ਕਾਫ਼ੀ ਕੁਝ ਸਾਫ਼ ਹੋਇਆ ਹੈ ਅਤੇ ਹੁਣ ਇਹ ਸਿਧਾਂਤਕ ਤੌਰ 'ਤੇ ਠੀਕ ਨਹੀਂ ਹੈ ਕਿ ਅਸੀਂ 'ਆਪ' ਨਾਲ ਜੁੜਨ ਦੀ ਸੋਚੀਏ ਵੀ।
 

Anuradha

This news is Content Editor Anuradha