ਵਿਰੋਧੀ ਧਿਰ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਦੇ 9 ਮਹੀਨੇ ਬਾਅਦ ਖਹਿਰਾ ਦਾ ਅਸਤੀਫਾ

04/26/2019 3:29:59 PM

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ ਵਲੋਂ ਸੁਖਪਾਲ ਸਿੰਘ ਖਹਿਰਾ ਨੂੰ ਬੀਤੇ ਸਾਲ 25 ਜੁਲਾਈ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਦੇ ਠੀਕ 9 ਮਹੀਨੇ ਬਾਅਦ ਸੁਖਪਾਲ ਖਹਿਰਾ ਨੇ ਭੁਲੱਥ ਦੇ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਨੂੰ ਭੇਜੇ ਅਸਤੀਫੇ 'ਚ ਖਹਿਰਾ ਨੇ ਆਪਣੇ ਵਲੋਂ ਆਮ ਆਦਮੀ ਪਾਰਟੀ  ਜੁਆਇਨ ਕਰਨ ਤੋਂ ਲੈ ਕੇ ਪਾਰਟੀ 'ਚ ਪੈਦਾ ਹੋਏ ਮਤਭੇਦਾਂ ਤੱਕ ਦਾ ਜ਼ਿਕਰ ਕੀਤਾ ਹੈ। ਖਹਿਰਾ ਨੇ ਇਹ ਵੀ ਲਿਖ ਕੇ ਦਿੱਤਾ ਹੈ ਕਿ ਉਨ੍ਹਾਂ ਨਾਲ ਹੋਰ ਕਿਹੜੇ-ਕਿਹੜੇ ਵਿਧਾਇਕ ਪਾਰਟੀ ਦੀਆਂ ਨੀਤੀਆਂ ਤੋਂ ਖਫਾ ਹਨ। ਹਾਲਾਂਕਿ ਸੁਖਪਾਲ ਖਹਿਰਾ ਨੇ ਸਪੀਕਰ ਨੂੰ ਅਸਤੀਫਾ ਭੇਜ ਤਾਂ ਦਿੱਤਾ ਹੈ ਪਰ ਆਮ ਤੌਰ 'ਤੇ ਵਿਧਾਨ ਸਭਾ ਸਪੀਕਰ ਵਲੋਂ ਸਿਰਫ 2 ਲਾਈਨਾਂ 'ਚ ਸਪੱਸ਼ਟ ਲਿਖਿਆ ਅਸਤੀਫਾ ਹੀ ਸਵੀਕਾਰ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ 'ਆਪ' ਦੇ ਦਾਖਾ ਤੋਂ ਵਿਧਾਇਕ ਐੱਚ.ਐੱਸ. ਫੂਲਕਾ ਦਾ ਅਸਤੀਫਾ ਵੀ ਅਜੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ ਹੈ, ਹਾਲਾਂਕਿ ਫੂਲਕਾ 2 ਵਾਰ ਸਪੀਕਰ ਦੇ ਸਾਹਮਣੇ ਪੇਸ਼ ਹੋ ਚੁੱਕੇ ਹਨ।

ਇਹ ਲਿਖਿਆ ਹੈ ਅਸਤੀਫੇ 'ਚ 
ਖਹਿਰਾ ਨੇ ਸਪੀਕਰ ਨੂੰ ਭੇਜੇ ਪੱਤਰ, ਜੋ ਕਿ ਉਨ੍ਹਾਂ ਨੇ ਮੀਡੀਆ ਨੂੰ ਵੀ ਜਾਰੀ ਕੀਤਾ ਹੈ, 'ਚ ਕਿਹਾ ਹੈ ਕਿ ਭੁਲੱਥ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੁੰਦੇ ਹਨ। ਖਹਿਰਾ ਨੇ ਇਸ ਲਈ ਕੁਝ ਹਾਲਾਤ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ 2017 'ਚ ਉਹ 'ਆਪ' ਦੇ ਚੋਣ ਨਿਸ਼ਾਨ 'ਤੇ ਚੋਣ ਲੜੇ ਅਤੇ ਜਿੱਤੇ ਸਨ। ਖਹਿਰਾ ਨੇ ਲਿਖਿਆ ਹੈ ਕਿ 'ਆਪ' ਇਸ ਲਈ ਜੁਆਇਨ ਕੀਤੀ ਸੀ ਕਿਉਂਕਿ ਭਾਰਤ ਦੇ ਦੂਜੇ ਲੱਖਾਂ ਲੋਕਾਂ ਦੀ ਤਰ੍ਹਾਂ ਮੈਂ ਵੀ ਅਰਵਿੰਦ ਕੇਜਰੀਵਾਲ ਵਲੋਂ ਸਾਡੇ ਦੇਸ਼ ਦੀ ਰਾਜਨੀਤੀ 'ਚ ਬਦਲਾਅ ਲਿਆਉਣ ਦੇ ਕੀਤੇ ਲੁਭਾਉਣੇ ਅਤੇ ਇਨਕਲਾਬੀ ਵਾਅਦਿਆਂ ਤੋਂ ਪ੍ਰਭਾਵਿਤ ਹੋ ਗਿਆ ਸੀ। ਬੀਤਦੇ ਸਮੇਂ ਦੇ ਨਾਲ ਕੇਜਰੀਵਾਲ ਦਾ ਚਿਹਰਾ ਨੰਗਾ ਹੋਇਆ ਹੈ ਅਤੇ ਪਤਾ ਲੱਗਿਆ ਹੈ ਕਿ ਨਾ ਸਿਰਫ ਲੱਖਾਂ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫਿਰਿਆ ਹੈ, ਸਗੋਂ ਰਾਜਨੀਤਿਕ ਮੁਨਾਫ਼ੇ ਲਈ ਕੇਜਰੀਵਾਲ ਹੇਠਲੇ ਪੱਧਰ ਤੱਕ ਡਿੱਗ ਗਿਆ ਹੈ। ਆਪਣੀ ਰਾਜਨੀਤੀ ਲਈ ਨਾ ਸਿਰਫ ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫੀ ਮੰਗੀ, ਸਗੋਂ ਆਪਣੇ ਫਾਇਦੇ ਲਈ ਸਵਰਾਜ ਦੀ ਵਿਚਾਰਧਾਰਾ ਨੂੰ ਦਰਕਿਨਾਰ ਕਰਕੇ ਯੋਗਿੰਦਰ ਯਾਦਵ ਤੋਂ ਲੈ ਕੇ ਫੂਲਕਾ ਅਤੇ ਅਲਕਾ ਲਾਂਬਾ ਜਿਹੇ ਚੰਗੇ ਨੇਤਾਵਾਂ ਨੂੰ ਪਾਰਟੀ ਤੋਂ ਕੱਢ ਦਿੱਤਾ। ਇੰਨਾ ਹੀ ਕਾਫ਼ੀ ਨਹੀਂ ਸੀ ਤਾਂ ਹੁਣ ਅਰਵਿੰਦ ਕੇਜਰੀਵਾਲ ਗਠਜੋੜ ਲਈ ਉਸੇ ਕਾਂਗਰਸ ਤੋਂ ਭੀਖ ਮੰਗ ਰਿਹਾ ਹੈ, ਜਿਸ ਖਿਲਾਫ ਉਸ ਨੇ ਅਤੇ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਚਲਾਈ ਸੀ। ਖਹਿਰਾ ਨੇ ਕਿਹਾ ਕਿ ਇਸ ਲਈ ਉਨ੍ਹਾਂ ਕੋਲ ਰਾਜ ਦੇ ਹਿੱਤਾਂ ਦੀ ਰੱਖਿਆ ਲਈ ਨਵੀਂ ਪਾਰਟੀ 'ਪੰਜਾਬ ਏਕਤਾ ਪਾਰਟੀ' ਬਣਾਉਣ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਸੀ। ਇਸ ਦੇ ਨਾਲ ਹੀ ਖਹਿਰਾ ਨੇ ਆਪਣੇ ਅਸਤੀਫੇ 'ਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਅਤੇ ਮੌਜੂਦਾ ਕਾਂਗਰਸ ਸਰਕਾਰ ਨੂੰ ਵੀ ਕਾਰਵਾਈ ਨਾ ਕਰਨ ਲਈ ਜ਼ਿੰਮੇਵਾਰ ਠਹਿਰਾਇਆ।

ਖਹਿਰਾ ਨੇ ਅਸਤੀਫੇ ਦੇ ਅੰਤਿਮ ਪੈਰ੍ਹੇ 'ਚ ਲਿਖਿਆ ਹੈ ਕਿ ਉਹ ਇਸੇ ਲਈ ਇਨ੍ਹਾਂ ਭ੍ਰਿਸ਼ਟਾਚਾਰੀਆਂ ਤੋਂ ਪੰਜਾਬ ਨੂੰ ਆਜ਼ਾਦ ਕਰਾਉਣ ਲਈ ਲੋਕ ਸਭਾ ਚੋਣ ਲੜ ਰਹੇ ਹਨ ਅਤੇ ਬਠਿੰਡਾ ਲੋਕਸਭਾ ਸੀਟ ਤੋਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਦੇ ਤੌਰ 'ਤੇ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਹਨ। ਇਸ ਲਈ ਉਨ੍ਹਾਂ ਨੇ ਨੈਤਿਕਤਾ ਦੇ ਆਧਾਰ 'ਤੇ ਭੁਲੱਥ ਵਿਧਾਇਕ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ, ਜਿਸ ਤੋਂ ਬਾਅਦ ਖਹਿਰਾ ਨੇ ਸਪੀਕਰ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਅਸਤੀਫੇ ਨੂੰ ਤਤਕਾਲ ਮਨਜ਼ੂਰ ਕਰ ਲਿਆ ਜਾਵੇ।

 

Anuradha

This news is Content Editor Anuradha