ਕੇਜਰੀਵਾਲ ਤੇ ਭਗਵੰਤ ਮਾਨ ਮਜੀਠੀਆ ਨੂੰ ਸਿਰੋਪਾਓ ਪਾ ਕੇ ਮੰਨਣ ਆਪਣਾ ਆਗੂ : ਖਹਿਰਾ

01/17/2019 6:58:56 PM

ਜਲੰਧਰ— 'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਜਲੰਧਰ 'ਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ 'ਆਪ' 'ਚੋਂ ਅਸਤੀਫਾ ਦੇ ਚੁੱਕੇ ਜੈਤੋ ਤੋਂ ਵਿਧਾਇਕ ਬਲਦੇਵ ਸਿੰਘ ਨੂੰ ਆਪਣੀ ਪਾਰਟੀ 'ਚ ਸ਼ਾਮਲ ਕੀਤਾ। ਇਸ ਮੌਕੇ 'ਤੇ ਖਹਿਰਾ ਨੇ ਜਿੱਥੇ ਹੋਰ ਮਾਮਲਿਆਂ 'ਤੇ ਆਮ ਆਦਮੀ ਪਾਰਟੀ ਨੂੰ ਘੇਰਿਆ, ਉਥੇ ਹੀ ਉਨ੍ਹਾਂ ਨੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਕੋਲੋਂ ਮੰਗੀ ਗਈ ਮੁਆਫੀ ਦੇ ਮਾਮਲੇ 'ਤੇ ਵੀ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਖੂਬ ਘੇਰਿਆ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਕਰੜੇ ਹੱਥੀ ਲੈਂਦੇ ਖਹਿਰਾ ਨੇ ਕਿਹਾ ਕਿ 20 ਜਨਵਰੀ ਨੂੰ ਬਰਨਾਲਾ 'ਚ ਹੋਣ ਵਾਲੀ ਰੈਲੀ ਦੌਰਾਨ ਉਹ ਬਿਕਰਮ ਸਿੰਘ ਮਜੀਠੀਆ ਨੂੰ ਸਿਰੋਪਾ ਪਾ ਕੇ ਆਪਣਾ ਆਗੂ ਮੰਨ ਲੈਣ।

ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਸਟੇਜ ਤੋਂ ਲੋਕਾਂ ਨੂੰ ਇਹ ਵੀ ਦੱਸਣ ਕਿ ਉਹ ਪਾਰਟੀ ਦੇ ਪੰਜਾਬ ਪ੍ਰਧਾਨ ਹਨ ਜਾਂ ਨਹੀਂ। ਉਨ੍ਹਾਂ ਨੇ ਕਿਹਾ ਭਗਵੰਤ ਮਾਨ ਨੂੰ ਸਟੇਜ ਤੋਂ ਅਰਵਿੰਦ ਕੇਜਰੀਵਾਲ ਨੂੰ ਮਜੀਠੀਆ ਦੀ ਮੁਆਫੀ ਸਬੰਧੀ ਪੁੱਛਣਾ ਚਾਹੀਦਾ ਹੈ ਅਤੇ ਸਟੇਜ 'ਤੇ ਹੀ ਸਭ ਕੁਝ ਦੱਸਣਾ ਚਾਹੀਦਾ ਹੈ। ਉਨ੍ਹਾਂ ਨੇ ਜੇ ਮੰਗੀ ਗਈ ਮੁਆਫੀ ਨੂੰ ਲੈ ਕੇ ਸਹਿਮਤ ਹਨ ਤਾਂ ਰੈਲੀ 'ਚ ਮਜੀਠੀਆ ਨੂੰ ਸੱਦ ਲੈਣ ਅਤੇ ਸਿਰੋਪਾਓ ਪਾ ਕੇ ਆਪਣਾ ਆਗੂ ਮੰਨ ਲੈਣ। ਉਨ੍ਹਾਂ ਨੇ ਕਿਹਾ ਕਿ ਜੇਕਰ ਮੁਆਫੀ ਨਾਲ ਉਹ ਸਹਿਮਤ ਨਹੀਂ ਹਨ ਤਾਂ ਭਗਵੰਤ ਮਾਨ ਨੂੰ ਆਪਣਾ ਅਸਤੀਫਾ ਦੇ ਕੇ ਸਟੇਜ ਤੋਂ ਹੀ ਵਾਕਆਊਟ ਕਰ ਲੈਣਾ ਚਾਹੀਦਾ ਹੈ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਹੁਣ ਲੋਕਾਂ ਨੂੰ ਜ਼ਿਆਦਾ ਸਮਾਂ ਧੋਖੇ 'ਚ ਨਹੀਂ ਰੱਖ ਸਕਦੇ ਹਨ।

shivani attri

This news is Content Editor shivani attri