ਸੁਖਪਾਲ ਖਹਿਰਾ ਨੇ ਦੱਸੀ ਨਵਜੋਤ ਸਿੱਧੂ ਦੇ ਅਸਤੀਫੇ ਦੀ ਪੂਰੀ ਸੱਚਾਈ (ਵੀਡੀਓ)

07/20/2019 6:29:45 PM

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਵਲੋਂ ਨਵਜੋਤ ਸਿੱਧੂ ਦਾ ਅਸਤੀਫਾ ਪ੍ਰਵਾਨ ਕਰਨ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਪੰਜਾਬ ਏਕਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਇਸ ਨੂੰ ਕੈਪਟਨ ਧੜੇ ਦੀ ਚਾਲ ਦੱਸਦੇ ਹੋਏ ਸਿੱਧੂ ਦਾ ਪੱਖ ਪੂਰਿਆ ਹੈ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਇਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੀ ਸਿੱਧੂ ਨੂੰ ਪੰਜਾਬ ਮੰਤਰੀ ਮੰਡਲ 'ਚੋਂ ਕੱਢਿਆ ਗਿਆ ਹੈ। ਖਹਿਰਾ ਮੁਤਾਬਕ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲਾਂ ਦੀ ਮਿਲੀ ਭੁਗਤ ਨੂੰ ਬੇਨਕਾਬ ਕੀਤਾ ਸੀ, ਜਿਸ ਦਾ ਉਨ੍ਹਾਂ ਨੂੰ ਖਮਿਆਜ਼ਾ ਭੁਗਤਣਾ ਪਿਆ ਹੈ। ਇੰਨਾ ਹੀ ਨਹੀਂ ਖਹਿਰਾ ਨੇ ਕਿਹਾ ਕਿ ਕੈਪਟਨ ਵਲੋਂ ਸਿੱਧੂ ਨੂੰ ਦਿਮਾਗੀ ਤੌਰ 'ਤੇ ਵੀ ਪ੍ਰੇਸ਼ਾਨ ਕੀਤਾ ਗਿਆ, ਜਿਸ ਕਾਰਨ ਥੱਕ ਕੇ ਸਿੱਧੂ ਨੇ ਕੈਬਨਿਟ 'ਚੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਕੈਬਨਿਟ ਤੋਂ ਬਾਅਦ ਹੁਣ ਨਵਜੋਤ ਸਿੱਧੂ ਨੂੰ ਕਾਂਗਰਸ 'ਚੋਂ ਕੱਢਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਖਹਿਰਾ ਨੇ ਇਕ ਵਾਰ ਫਿਰ ਨਵਜੋਤ ਸਿੱਧੂ ਨੂੰ ਉਨ੍ਹਾਂ ਦੇ ਧੜੇ ਦਾ ਹਿੱਸਾ ਬਣਨ ਦਾ ਸੱਦਾ ਹੈ। 

ਦੱਸਣਯੋਗ ਹੈ ਕਿ ਪੰਜਾਬ ਮੰਤਰੀ ਮੰਡਲ 'ਚ ਫੇਰ ਬਦਲ ਤੋਂ ਬਾਅਦ ਨਾਰਾਜ਼ ਨਵਜੋਤ ਸਿੱਧੂ ਨੇ 15 ਜੁਲਾਈ ਨੂੰ ਪੰਜਾਬ ਵਜ਼ਾਰਤ 'ਚੋਂ ਅਸਤੀਫਾ ਦੇ ਦਿੱਤਾ ਸੀ। ਸਿੱਧੂ ਦੇ ਅਸਤੀਫਾ ਦੇਣ ਤੋਂ 5 ਦਿਨ ਬਾਅਦ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਹ ਅਸਤੀਫਾ ਮਨਜ਼ੂਰ ਕਰ ਲਿਆ ਹੈ ਅਤੇ ਅਗਾਂਹ ਕਾਰਵਾਈ ਲਈ ਅਸਤੀਫਾ ਰਾਜਪਾਲ ਨੂੰ ਵੀ ਭੇਜ ਦਿੱਤਾ ਗਿਆ, ਜਿਸ 'ਤੇ ਰਾਜਪਾਲ ਨੇ ਵੀ ਮੋਹਰ ਲਗਾ ਦਿੱਤੀ ਹੈ।

Gurminder Singh

This news is Content Editor Gurminder Singh