ਖਹਿਰਾ ਦੇ ਫੌਜ ਵਿਰੋਧੀ ਬਿਆਨ ''ਤੇ ਚੀਮਾ ਵਲੋਂ ਤਿੱਖਾ ਪ੍ਰਤੀਕਰਮ (ਵੀਡੀਓ)

02/17/2019 6:39:40 PM

ਸੰਗਰੂਰ : ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਵਲੋਂ ਫੌਜ 'ਤੇ ਦਿੱਤੇ ਗਏ ਬੇਤੁਕੇ ਬਿਆਨ ਦੀ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਨਿੰਦਾ ਕੀਤੀ ਹੈ। ਚੀਮਾ ਨੇ ਕਿਹਾ ਕਿ ਅੱਜ ਜਦੋਂ ਇਸ ਦੁੱਖ ਦੀ ਘੜੀ ਵਿਚ ਪੂਰਾ ਦੇਸ਼ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ, ਉਸ ਸਮੇਂ ਸੁਖਪਾਲ ਖਹਿਰਾ ਵਲੋਂ ਅਜਿਹਾ ਬਿਆਨ ਫੌਜ ਦਾ ਮਨੋਬਲ ਡੇਗਣ ਵਾਲਾ ਹੈ। ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਜਾਂ ਕਿਸੇ ਹੋਰ ਲੀਡਰ ਨੂੰ ਫੌਜ ਵਿਰੋਧੀ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। 
ਇਥੇ ਦੱਸਣਯੋਗ ਹੈ ਕਿ ਸੁਖਪਾਲ ਖਹਿਰਾ ਨੇ ਸ਼ਨੀਵਾਰ ਨੂੰ ਆਪਣੇ ਫੇਸਬੁੱਕ ਪੇਜ 'ਤੇ ਲਾਈਵ ਹੋ ਕੇ ਕਿਹਾ ਸੀ ਕਿ ਤਾੜੀ ਇਕ ਹੱਥ ਨਾਲ ਕਦੇ ਨਹੀਂ ਵੱਜਦੀ। ਉਨ੍ਹਾਂ ਕਿਹਾ ਕਿ ਭਾਰਤੀ ਫੌਜ 'ਤੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਗੰਭੀਰ ਦੋਸ਼ ਲੱਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਜਿਨ੍ਹਾਂ 'ਚ ਔਰਤਾਂ ਦੇ ਬਲਾਤਕਾਰ ਦੀਆਂ ਘਟਨਾਵਾਂ ਵੀ ਸਾਹਮਣੇ ਆ ਚੁੱਕੀਆਂ ਹਨ। ਸੁਖਪਾਲ ਖਹਿਰਾ ਨੇ ਕਿਹਾ ਕਿ ਕਸ਼ਮੀਰ 'ਚ ਲੱਖਾਂ ਦੀ ਫੌਜ ਤੋਂ ਇਲਾਵਾ ਬਹੁਤ ਸਾਰੀਆਂ ਸੁਰੱਖਿਆ ਏਜੰਸੀਆਂ ਵੀ ਲੱਗੀਆਂ ਹੋਈਆਂ ਹਨ ਅਤੇ ਉਨ੍ਹਾਂ ਕੋਲੋਂ ਵੀ ਜ਼ਿਆਦਤੀਆਂ ਹੁੰਦੀਆਂ ਹਨ। ਖਹਿਰਾ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਤਿੱਖਾ ਵਿਰੋਧ ਹੋ ਰਿਹਾ ਹੈ। 

Gurminder Singh

This news is Content Editor Gurminder Singh