ਫਰੀਦਕੋਟ ''ਚ ਖਹਿਰਾ ਧੜੇ ਦੀ ਕਨਵੈਨਸ਼ਨ, ਬਦਲਿਆ ਪੱਗਾਂ ਦਾ ਰੰਗ

Thursday, Aug 23, 2018 - 09:53 AM (IST)

ਫਰੀਦਕੋਟ ''ਚ ਖਹਿਰਾ ਧੜੇ ਦੀ ਕਨਵੈਨਸ਼ਨ, ਬਦਲਿਆ ਪੱਗਾਂ ਦਾ ਰੰਗ

ਕੋਟਕਪੂਰਾ (ਜਗਤਾਰ, ਨਰਿੰਦਰ) - ਅੱਜ ਕੋਟਕਪੂਰਾ ਦੀ ਦਾਣਾ ਮੰਡੀ ਵਿਖੇ ਆਮ ਆਦਮੀ ਪਾਰਟੀ ਫ਼ਰੀਦਕੋਟ ਦੀ ਹੋਈ ਭਰਵੀਂ ਵਾਲੰਟੀਅਰ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਸੁਪਨੇ ਸਾਕਾਰ ਕਰਨ ਲਈ ਆਉਂਦੀਆਂ 2019 ਅਤੇ 2022 ਦੀਆਂ ਚੋਣਾਂ 'ਚ ਅਕਾਲੀ-ਭਾਜਪਾ ਤੇ ਕਾਂਗਰਸ ਦੇ ਭ੍ਰਿਸ਼ਟਾਚਾਰ ਦੇ ਰਾਜ ਨੂੰ ਖਤਮ ਕਰ ਕੇ ਆਮ ਲੋਕਾਂ ਦੀ ਸਰਕਾਰ ਬਣਾਈ ਜਾਵੇਗੀ, ਜਿਸ 'ਚ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਬਾਦਲ ਅਤੇ ਕੈਪਟਨ ਸਰਕਾਰ ਨੇ ਪੰਜਾਬੀਆਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਹੋਰ ਵੀ ਉਲਝਾਅ ਦਿੱਤਾ ਹੈ। ਲੋਕਾਂ ਦੇ ਮਸਲੇ ਵਿਚਾਰਨ ਲਈ ਪੰਜਾਬ ਵਿਧਾਨ ਸਭਾ ਦੇ ਲੰਮੇ ਸਮੇਂ ਦੇ ਸੈਸ਼ਨ ਦੀ ਲੋੜ ਹੈ ਪਰ ਕੈਪਟਨ ਸਰਕਾਰ ਨੇ ਸਿਰਫ 5 ਦਿਨਾਂ ਦਾ ਸੈਸ਼ਨ ਰੱਖਿਆ ਹੈ, ਜੋ ਛੁੱਟੀਆਂ, ਸ਼ਰਧਾਂਜਲੀਆਂ ਅਤੇ ਪੰਜਾਬ ਦੇ ਮੁੱਦਿਆਂ 'ਤੇ ਚਰਚਾ ਹੋਣ ਦੀ ਬਜਾਏ ਰੌਲਾ-ਰੱਪਾ ਪਾ ਕੇ ਲੰਘਾ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਦਰਿਆਵਾਂ 'ਤੇ ਰਿਪੇਅਰੀਅਨ ਕਾਨੂੰਨ ਮੁਤਾਬਕ ਪੰਜਾਬ ਦਾ ਵੱਡਾ ਹੱਕ ਬਣਦਾ ਹੈ ਪਰ ਇਹ ਕੀਮਤੀ ਪਾਣੀ ਰਾਜਸਥਾਨ ਅਤੇ ਹਰਿਆਣਾ ਨੂੰ ਬਿਨਾਂ ਕਿਸੇ ਮੁਆਵਜ਼ੇ ਦੇ ਲੁਟਾਇਆ ਜਾ ਰਿਹਾ ਹੈ। ਦੋਵਾਂ ਸੂਬਿਆਂ ਨੂੰ ਹੁਣ ਤੱਕ ਦਿੱਤੇ ਪਾਣੀ ਦੀ ਕੀਮਤ 16 ਲੱਖ ਕਰੋੜ ਰੁਪਏ ਬਣਦੀ ਹੈ, ਜਿਸ ਦੀ ਵਸੂਲੀ ਲਈ ਦੋਵਾਂ ਸਰਕਾਰਾਂ ਨੇ ਅਜੇ ਤੱਕ ਕੋਈ ਯਤਨ ਨਹੀਂ ਕੀਤਾ। ਉਨ੍ਹਾਂ 'ਆਪ' ਵਿਚ ਪੈਦਾ ਹੋਏ ਵਿਵਾਦ 'ਤੇ ਬੋਲਦਿਆਂ ਕਿਹਾ ਕਿ ਉਹ ਏਕਤਾ ਦੇ ਹੱਕ ਵਿਚ ਹਨ ਪਰ ਉਹ ਬਠਿੰਡਾ ਕਨਵੈਨਸ਼ਨ ਵਿਚ ਪਾਸ ਕੀਤੇ 6 ਮਤਿਆਂ ਤੋਂ ਟੱਸ ਤੋਂ ਮੱਸ ਨਹੀਂ ਹੋਣਗੇ।

ਪਾਰਟੀ ਦਾ ਢਾਂਚਾ ਪਿਛਲੇ 17 ਮਹੀਨਿਆਂ ਤੋਂ ਵਿਗੜਨ ਕਾਰਨ ਪਾਰਟੀ ਵਰਕਰ ਨਿਰਾਸ਼ ਹੋ ਕੇ ਘਰਾਂ ਵਿਚ ਬੈਠ ਗਏ ਹਨ। ਵਿਧਾਨ ਸਭਾ ਸ਼ਾਹਕੋਟ ਦੀ ਜ਼ਿਮਨੀ ਚੋਣ ਵਿਚ ਪਾਰਟੀ ਦਾ ਉਮੀਦਵਾਰ ਸਿਰਫ 1900 ਵੋਟਾਂ 'ਤੇ ਸਿਮਟ ਕੇ ਰਹਿ ਗਿਆ। ਵਿਧਾਇਕ ਨਾਜ਼ਰ ਸਿੰਘ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਦਾ ਸਤਿਕਾਰ ਕਰਦੇ ਹਨ ਪਰ ਉਨ੍ਹਾਂ ਨੂੰ ਬਿਕਰਮ ਸਿੰਘ ਮਜੀਠੀਆ ਤੋਂ ਮੁਆਫੀ ਨਹੀਂ ਮੰਗਣੀ ਚਾਹੀਦੀ ਸੀ। ਇਸ ਕਨਵੈਨਸ਼ਨ ਨੂੰ ਪਿਰਮਲ ਸਿੰਘ ਖਾਲਸਾ ਵਿਧਾਇਕ ਭਦੌੜ, ਜੈ ਸ਼ੰਕਰ ਰੋੜੀ ਵਿਧਾਇਕ ਗੜ੍ਹਸ਼ੰਕਰ, ਜਗਦੇਵ ਸਿੰਘ ਕਮਾਲੂ ਵਿਧਾਇਕ ਮੌੜ ਅਤੇ ਪੀ. ਏ. ਸੀ. ਮੈਂਬਰ ਗੁਰਪ੍ਰਤਾਪ ਸਿੰਘ ਅਤੇ ਕਰਮਜੀਤ ਕੌਰ, ਸਾਬਕਾ ਜ਼ਿਲਾ ਪ੍ਰਧਾਨ ਸਨਕਦੀਪ ਸਿੰਘ ਸੰਧੂ, ਹਰਪ੍ਰੀਤ ਸਿੰਘ ਖਾਲਸਾ, ਮਾਸਟਰ ਮੱਖਣ ਸਿੰਘ ਜੈਤੋ ਨੇ ਸੰਬੋਧਨ ਕੀਤਾ। ਅੰਤ ਵਿਚ ਹਲਕਾ ਜੈਤੋ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਸਭ ਦਾ ਧੰਨਵਾਦ ਕੀਤਾ। ਜ਼ਿਲੇ ਦੇ ਵਾਲੰਟੀਅਰਾਂ ਵੱਲੋਂ ਹਾਜ਼ਰ 8 ਵਿਧਾਇਕਾਂ ਨੂੰ ਹਰੇ ਰੰਗ ਦੀਆਂ ਪੱਗਾਂ ਦੇ ਕੇ ਸਨਮਾਨਤ ਕੀਤਾ ਗਿਆ।

ਇਸ ਕਨਵੈਨਸ਼ਨ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਥੇ 'ਆਪ' ਦੀਆਂ ਪੀਲੀਆਂ ਪੱਗਾਂ ਦੀ ਥਾਂ ਹਰੀਆਂ ਪੱਗਾਂ ਦਿਖਾਈ ਦਿੱਤੀਆਂ। ਬਾਗੀ ਖਹਿਰਾ ਗਰੁੱਪ ਵੱਲੋਂ ਆਪਣੇ ਵਿਧਾਇਕਾਂ ਤੇ ਸਮਰਥਕਾਂ ਨੂੰ ਹਰੇ ਰੰਗ ਦੀਆਂ ਪੱਗਾਂ ਦਿੱਤੀਆਂ ਗਈਆਂ, ਜੋ ਇਕ ਨਵੀਂ ਪਾਰਟੀ ਬਣਨ ਦਾ ਸੰਕੇਤ ਦੇ ਰਹੀ ਸੀ। ਕਨਵੈਨਸ਼ਨ 'ਚ 'ਆਪ' ਦਾ ਨਾ ਤਾਂ ਕੋਈ ਝੰਡਾ ਦਿਖਾਈ ਦਿੱਤਾ, ਨਾ ਹੀ ਸਫੇਦ ਟੋਪੀ ਤੇ ਨਾ ਹੀ ਪਾਰਟੀ ਦਾ ਕੋਈ ਪੋਸਟਰ ਨਜ਼ਰ ਆਇਆ। ਇਸ ਮੌਕੇ ਹਲਕਾ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਜੱਗਾ, ਮਾਸਟਰ ਬਲਵਿੰਦਰ ਸਿੰਘ ਹਰੀ ਨੌ, ਸੁਰਿੰਦਰ ਮਚਾਕੀ, ਬਲਦੀਪ ਸਿੰਘ ਰੋਮਾਣਾ, ਨਿਰਮਲ ਡੇਲਿਆਂਵਾਲੀ ਸਮੇਤ ਹਲਕਾ ਬਾਘਾਪੁਰਾਣਾ, ਜੈਤੋ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਲੋਟ ਅਤੇ ਪੰਜਾਬ ਦੇ ਹੋਰ ਜ਼ਿਲਿਆਂ ਤੋਂ ਵੀ ਵਾਲੰਟੀਅਰ ਵੱਡੀ ਗਿਣਤੀ 'ਚ ਹਾਜ਼ਰ ਸਨ।


Related News