ਸੁਖਪਾਲ ਖਹਿਰਾ ਨਹੀਂ ਕਰਨਗੇ ਅੰਮ੍ਰਿਤਪਾਨ!

10/19/2018 9:16:41 AM

ਜਲੰਧਰ(ਬੁਲੰਦ)— ਆਮ ਆਦਮੀ ਪਾਰਟੀ ਤੋਂ ਤੋੜ-ਵਿਛੋੜਾ ਕਰ ਕੇ ਹੁਣ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਨਾਲ ਮਿਲ ਕੇ ਪੰਥਕ ਮੋਰਚੇ ਦੇ ਨਾਲ ਬਰਗਾੜੀ ਵਿਚ ਅਕਾਲੀ ਦਲ ਤੇ ਕਾਂਗਰਸ ਦੇ ਖਿਲਾਫ ਆਵਾਜ਼ ਉਠਾ ਰਹੇ ਸੁਖਪਾਲ ਖਹਿਰਾ ਦੇ ਬਾਰੇ ਇਨ੍ਹੀਂ ਦਿਨੀ ਅਜਿਹੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਕਿ ਉਹ ਅੰਮ੍ਰਿਤਪਾਨ ਕਰ ਕੇ ਜਲਦੀ ਹੀ ਸਾਬਤ ਸੂਰਤ ਖਾਲਸ ਰੂਪ ਵਿਚ ਆਪਣੇ ਸਿਆਸੀ ਦੁਸ਼ਮਣਾਂ ਸੁਖਬੀਰ ਬਾਦਲ ਤੇ ਹੋਰਨਾਂ ਨੂੰ ਟੱਕਰ ਦੇਣ ਦੀ ਤਿਆਰੀ ਕਰ ਰਹੇ ਹਨ।

ਜਾਣਕਾਰ ਦੱਸਦੇ ਹਨ ਕਿ ਸੁਖਪਾਲ ਨੇ ਦਾੜ੍ਹੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਜਿਸ ਤਰ੍ਹਾਂ ਬਰਗਾੜੀ ਰੋਸ ਮਾਰਚ ਵਿਚ ਸੁਖਪਾਲ ਨੇ ਅੱਗੇ ਵਧ ਕੇ ਪੰਥਕ ਆਗੂਆਂ ਨਾਲ ਸਰਕਾਰ ਨੂੰ ਨਿਸ਼ਾਨਾ ਬਣਾਇਆ, ਉਸ ਤੋਂ ਲੱਗਦਾ ਹੈ ਕਿ ਉਹ ਪੰਥਕ ਆਗੂਆਂ ਦੇ ਪ੍ਰਭਾਵ ਹੇਠ ਹਨ ਅਤੇ ਅੰਮ੍ਰਿਤਪਾਨ ਕਰਨ ਦੀ ਤਿਆਰੀ ਵਿਚ ਹਨ। ਇਸ ਨੂੰ 2019 ਚੋਣਾਂ ਅਤੇ ਸ਼੍ਰੋਮਣੀ ਕਮੇਟੀ ਵਿਚ ਰਸਤਾ ਬਣਾਉਣ ਦੀ ਨਜ਼ਰ ਤੋਂ ਵੀ ਦੇਖਿਆ ਜਾ ਰਿਹਾ ਹੈ ਪਰ ਇਸ ਬਾਰੇ ਖਾਸ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਨਾ ਤਾਂ ਉਹ ਅੰਮ੍ਰਿਤਪਾਨ ਕਰ ਰਹੇ ਹਨ ਤੇ ਨਾ ਹੀ ਫਿਲਹਾਲ ਅਜਿਹਾ ਕੋਈ ਵਿਚਾਰ ਮਨ ਵਿਚ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਨ ਕਰਨਾ ਬੇਹੱਦ ਚੰਗਾ ਕਦਮ ਹੈ ਪਰ ਇਹ ਸਿਆਸਤ ਤੋਂ ਪ੍ਰੇਰਿਤ ਨਾ ਹੋ ਕੇ ਧਾਰਮਿਕ ਭਾਵਨਾਵਾਂ ਨਾਲ ਉਠਾਇਆ ਜਾਣਾ ਚਾਹੀਦਾ ਹੈ।