ਸੁਖਨਾ ਲੇਕ ''ਚੋਂ ਵੀਡ ਕੱਢਣ ਦੀ ਫਿਰ ਤਿਆਰੀ, ਟੈਂਡਰ ਕੀਤਾ ਜਾਰੀ

11/20/2017 7:37:55 AM

ਚੰਡੀਗੜ੍ਹ  (ਵਿਜੇ) - ਅਗਲੇ ਸਾਲ ਸੁਖਨਾ ਲੇਕ ਵਿਚ ਪਾਣੀ ਦੇ ਪੱਧਰ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਦੀ ਚਿੰਤਾ ਬੇਸ਼ੱਕ ਦੂਰ ਹੋ ਗਈ ਹੈ ਪਰ ਇਕ ਪ੍ਰੇਸ਼ਾਨੀ ਅਜੇ ਵੀ ਅਧਿਕਾਰੀਆਂ ਲਈ ਬਣੀ ਹੋਈ ਹੈ। ਹਾਈ ਕੋਰਟ ਤੋਂ ਵਾਰ-ਵਾਰ ਫਿਟਕਾਰ ਖਾਣ ਦੇ ਬਾਵਜੂਦ ਯੂ. ਟੀ. ਪ੍ਰਸ਼ਾਸਨ ਸੁਖਨਾ ਲੇਕ 'ਚੋਂ ਵੀਡ ਕੱਢਣ ਲਈ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕਿਆ ਹੈ। ਇਹੀ ਕਾਰਨ ਹੈ ਕਿ ਅਗਲੇ ਸਾਲ ਲੇਕ ਵਿਚ ਇਹੀ ਪ੍ਰੇਸ਼ਾਨੀ ਪ੍ਰਸ਼ਾਸਨ ਦੀ ਕਿਰਕਰੀ ਨਾ ਕਰਵਾ ਦੇਵੇ, ਇਸ ਨਾਲ ਨਿਪਟਣ ਲਈ ਅਫਸਰਾਂ ਨੇ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਅਜੇ ਤਾਂ ਲੇਕ ਦੇ ਪਾਣੀ ਦਾ ਪੱਧਰ ਇੰਨਾ ਹੈ ਕਿ ਵੀਡ ਮੁਸ਼ਕਿਲ ਨਾਲ ਹੀ ਦਿਸ ਰਹੀ ਹੈ ਪਰ ਜਦੋਂ ਪਾਣੀ ਦਾ ਪੱਧਰ ਘੱਟ ਹੁੰਦਾ ਹੈ ਤਾਂ ਵੀਡ ਲੇਕ ਦੀ ਖੂਬਸੂਰਤੀ ਵਿਗਾੜ ਦਿੰਦੀ ਹੈ। ਇਸ ਪ੍ਰੇਸ਼ਾਨੀ ਨਾਲ ਨਿਪਟਣ ਲਈ ਇੰਜੀਨੀਅਰਿੰਗ ਵਿਭਾਗ ਨੇ ਲੇਕ ਦੀ ਵੀਡ ਹਟਾਉਣ ਦਾ ਪ੍ਰੋਸੈੱਸ ਜਾਰੀ ਕੀਤਾ ਹੋਇਆ ਹੈ ਤੇ ਇਸ ਲਈ ਵਿਭਾਗ ਵਲੋਂ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਲਗਭਗ 5 ਲੱਖ ਰੁਪਏ ਵੀਡ ਕੱਢਣ ਦੇ ਕੰਮ 'ਤੇ ਖਰਚ ਕੀਤੇ ਜਾਣ ਦੀ ਤਿਆਰੀ ਹੈ। ਸੂਤਰਾਂ ਅਨੁਸਾਰ ਸਰਦੀਆਂ ਵਿਚ ਵੀ ਪ੍ਰਸ਼ਾਸਨ ਵਲੋਂ ਵੀਡ ਕੱਢਣ ਦਾ ਕੰਮ ਜਾਰੀ ਰੱਖਿਆ ਜਾਵੇਗਾ, ਜਿਸ ਨਾਲ ਆਉਣ ਵਾਲੀਆਂ ਗਰਮੀਆਂ ਵਿਚ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ।
ਸੌਖਾ ਨਹੀਂ ਹੋਵੇਗਾ ਪ੍ਰੋਸੈੱਸ
ਗਰਮੀਆਂ ਵਿਚ ਜਦੋਂ ਲੇਕ ਦੇ ਰੈਗੂਲੇਟਰੀ ਕੰਢੇ ਦਾ ਏਰੀਆ ਪੂਰੀ ਤਰ੍ਹਾਂ ਸੁੱਕ ਚੁੱਕਾ ਸੀ ਤਾਂ ਲੇਕ 'ਚੋਂ ਵੀਡ ਕੱਢਣ ਦਾ ਕੰਮ ਆਸਾਨੀ ਨਾਲ ਹੋ ਸਕਦਾ ਸੀ। ਉਸ ਸਮੇਂ ਤਾਂ ਪ੍ਰਸ਼ਾਸਨ ਨੇ ਕੱਛੂ ਦੀ ਚਾਲ ਨਾਲ ਵੀਡ ਕੱਢਣ ਦਾ ਕੰਮ ਕੀਤਾ ਤੇ ਹੁਣ ਜਦੋਂ ਪਾਣੀ ਦਾ ਪੱਧਰ 1160 ਦੇ ਨੇੜੇ ਪਹੁੰਚ ਗਿਆ ਹੈ ਤਾਂ ਇਹ ਕੰਮ ਆਸਾਨੀ ਨਾਲ ਨਹੀਂ ਹੋਵੇਗਾ ਕਿਉਂਕਿ ਇਸ ਸਮੇਂ ਵੀਡ ਵੀ ਪੂਰੀ ਤਰ੍ਹਾਂ ਨਜ਼ਰ ਨਹੀਂ ਆ ਰਹੀ ਹੈ ਤੇ ਅਜਿਹੇ ਵਿਚ ਵੀਡ ਨੂੰ ਪੂਰੀ ਤਰ੍ਹਾਂ ਕੱਢਣਾ ਅਸੰਭਵ ਜਿਹਾ ਲਗਦਾ ਹੈ।
ਗਾਰ ਕੱਢਣ ਦਾ ਕੰਮ ਵੀ ਰੁਕਿਆ
ਸੁਖਨਾ ਲੇਕ ਦੀ ਗਾਰ ਕੱਢਣ ਲਈ ਵੀ ਇੰਜੀਨੀਅਰਿੰਗ ਵਿਭਾਗ ਨੇ ਦੇਰੀ ਨਾਲ ਕਦਮ ਚੁੱਕਿਆ। ਇਸ ਸਾਲ ਜੂਨ ਵਿਚ ਵਿਭਾਗ ਵਲੋਂ ਲੇਕ 'ਚੋਂ ਗਾਰ ਕੱਢਣ ਲਈ 18 ਲੱਖ ਰੁਪਏ ਵਿਚ ਕੰਪਨੀ ਨੂੰ ਕੰਮ ਦਿੱਤਾ ਗਿਆ ਸੀ। ਉਸ ਤੋਂ ਪਹਿਲਾਂ ਤਕ ਸੁਖਨਾ ਲੇਕ ਦੇ ਬਰਡ ਵਾਚਿੰਗ ਏਰੀਆ ਸਮੇਤ ਇਕ ਹਿੱਸਾ ਪੂਰੀ ਤਰ੍ਹਾਂ ਸੁੱਕ ਚੁੱਕਿਆ ਸੀ ਪਰ ਗਾਰ ਕੱਢਣ ਦਾ ਕੰਮ ਵੀ ਸ਼ੁਰੂ ਨਹੀਂ ਹੋ ਸਕਿਆ, ਹੁਣ ਜਦਕਿ ਲੇਕ ਪੂਰੀ ਤਰ੍ਹਾਂ ਭਰ ਚੁੱਕੀ ਹੈ ਤਾਂ ਗਾਰ ਕੱਢਣ ਦਾ ਕੰਮ ਵੀ ਰੁਕ ਗਿਆ ਹੈ।