''ਸੁਖਨਾ ਝੀਲ'' ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ''ਤੇ, ਦੂਜੀ ਵਾਰ ਖੋਲ੍ਹਣਾ ਪਿਆ ਫਲੱਡ ਗੇਟ

08/16/2021 11:46:11 AM

ਚੰਡੀਗੜ੍ਹ (ਰਾਜਿੰਦਰ) : ਸੁਖਨਾ ਕੈਚਮੈਂਟ ਏਰੀਆ ਵਿਚ ਕੁੱਝ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਝੀਲ ਦੇ ਪਾਣੀ ਦਾ ਪੱਧਰ ਇਕ ਵਾਰ ਫਿਰ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ। ਇਸ ਕਾਰਨ ਇਸ ਮਹੀਨੇ ਵਿਚ ਦੂਜੀ ਵਾਰ ਪ੍ਰਸ਼ਾਸਨ ਨੂੰ ਸੁਖਨਾ ਦਾ ਫਲੱਡ ਗੇਟ ਖੋਲ੍ਹਣਾ ਪਿਆ। ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਸੁਖਨਾ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ 1162.70 ਫੁੱਟ ’ਤੇ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਹੀ ਸਾਵਧਾਨੀ ਵੱਜੋਂ ਇਕ ਫਲੱਡ ਗੇਟ ਖੋਲ੍ਹਣਾ ਪਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਨਵਜੋਤ ਸਿੱਧੂ ਨੇ 'ਪਰਗਟ ਸਿੰਘ' ਨੂੰ ਨਿਯੁਕਤ ਕੀਤਾ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ

ਇਸ ਸਬੰਧੀ ਪ੍ਰਸ਼ਾਸਨ ਵੱਲੋਂ ਆਸ-ਪਾਸ ਦੇ ਇਲਾਕੇ ਨੂੰ ਅਲਰਟ ਵੀ ਜਾਰੀ ਕੀਤਾ ਗਿਆ। ਪ੍ਰਸ਼ਾਸਨ ਅਨੁਸਾਰ ਸ਼ਨੀਵਾਰ ਦੁਪਹਿਰ 1 ਵਜੇ ਇਕ ਫਲੱਡ ਗੇਟ ਖੋਲ੍ਹਿਆ ਗਿਆ, ਜਿਸ ਨੂੰ ਦੋ ਘੰਟਿਆਂ ਬਾਅਦ ਹੀ 3 ਵਜੇ ਬੰਦ ਕੀਤਾ ਗਿਆ। ਹੁਣ ਝੀਲ ਦੇ ਪਾਣੀ ਦਾ ਪੱਧਰ 1162.60 ’ਤੇ ਪਹੁੰਚ ਗਿਆ ਹੈ। ਗੁਆਂਢੀ ਸੂਬਿਆਂ ਵਿਚ ਮੋਹਾਲੀ ਦੇ ਡਿਪਟੀ ਕਮਿਸ਼ਨਰ ਅਤੇ ਪਟਿਆਲਾ ਦੇ ਅਧਿਕਾਰੀਆਂ ਨੂੰ ਵੀ ਇਸ ਸਬੰਧੀ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ ਪਹਿਲੇ AC ਸਰਕਾਰੀ ਸਕੂਲ ਦਾ ਉਦਘਾਟਨ, ਇਹ ਚੀਜ਼ਾਂ ਬਣੀਆਂ ਖਿੱਚ ਦਾ ਕੇਂਦਰ
ਥੋੜ੍ਹਾ-ਥੋੜ੍ਹਾ ਕਰ ਕੇ ਪਾਣੀ ਛੱਡਿਆ ਜਾ ਰਿਹੈ
ਦੱਸਣਯੋਗ ਹੈ ਕਿ ਇਕ ਦਿਨ ਪਹਿਲਾਂ ਸੁਖਨਾ ਦੇ ਪਾਣੀ ਦਾ ਪੱਧਰ 1162.20 ਫੁੱਟ ਸੀ ਪਰ ਸ਼ਹਿਰ ਦੇ ਕਈ ਇਲਾਕਿਆਂ ਅਤੇ ਸੁਖਨਾ ਕੈਚਮੈਂਟ ਏਰੀਆ ਵਿਚ ਮੀਂਹ ਤੋਂ ਬਾਅਦ ਹੀ ਇਹ 1162.70 ’ਤੇ ਪਹੁੰਚ ਗਿਆ, ਜਿਸ ਕਾਰਨ ਹੀ ਵਿਭਾਗ ਨੂੰ ਫਲੱਡ ਗੇਟ ਖੋਲ੍ਹਣਾ ਪਿਆ। ਇਸ ਦੌਰਾਨ ਮੌਕੇ ’ਤੇ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀ ਮੌਜੂਦ ਸਨ। ਇਹ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਸੁਖਨਾ ਚੋਅ ਦੇ ਆਸ-ਪਾਸ ਕੋਈ ਨਾ ਹੋਵੇ। ਇਸ ਤੋਂ ਇਲਾਵਾ ਸੁਖਨਾ ਚੋਅ ਪੂਰੀ ਤਰ੍ਹਾਂ ਸਾਫ਼ ਹੋਵੇ ਤਾਂ ਕਿ ਪਾਣੀ ਦੀ ਨਿਕਾਸੀ ਵਿਚ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ।

ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ, ਅਹਿਮ ਮੁੱਦਿਆਂ 'ਤੇ ਹੋਵੇਗੀ ਵਿਚਾਰ-ਚਰਚਾ

ਪਿਛਲੇ ਸਾਲ ਪਾਣੀ ਦਾ ਪੱਧਰ 1163.40 ਫੁੱਟ ’ਤੇ ਪੁੱਜਣ ਤੋਂ ਬਾਅਦ ਹੀ ਗੇਟ ਖੋਲ੍ਹੇ ਗਏ ਸਨ, ਜਿਸ ਕਾਰਨ ਸੁਖਨਾ ਚੋਅ ਵੀ ਓਵਰਫਲੋਅ ਹੋ ਗਿਆ ਸੀ। ਇਸ ਕਾਰਨ ਬਲਟਾਨਾ ਦੇ ਇਲਾਕਿਆਂ ਵਿਚ ਵੀ ਪਾਣੀ ਵੜ ਗਿਆ ਸੀ। ਇਹੀ ਕਾਰਨ ਹੈ ਕਿ ਇਸ ਵਾਰ ਪ੍ਰਸ਼ਾਸਨ ਵੱਲੋਂ ਇਸ ਮਹੀਨੇ ਦੂਜੀ ਵਾਰ ਪਹਿਲਾਂ ਹੀ ਸੁਖਨਾ ਦਾ ਇਕ ਗੇਟ ਖੋਲ੍ਹ ਦਿੱਤਾ ਗਿਆ। ਇਸ ਤੋਂ ਪਹਿਲਾਂ 9 ਅਗਸਤ ਨੂੰ ਵੀ ਵਿਭਾਗ ਨੇ ਪਾਣੀ ਦਾ ਪੱਧਰ 1162.50 ਫੁੱਟ ਪੁੱਜਣ ’ਤੇ ਗੇਟ ਖੋਲ੍ਹ ਦਿੱਤਾ ਸੀ। ਵਿਭਾਗ ਵੱਲੋਂ ਥੋੜ੍ਹਾ-ਥੋੜ੍ਹਾ ਕਰ ਕੇ ਪਾਣੀ ਛੱਡਿਆ ਜਾ ਰਿਹਾ ਹੈ ਕਿਉਂਕਿ ਇਕੱਠਿਆਂ ਜ਼ਿਆਦਾ ਪਾਣੀ ਛੱਡਣ ਨਾਲ ਆਸ-ਪਾਸ ਦੇ ਇਲਾਕੇ ਵਿਚ ਪਾਣੀ ਵੜਨ ਦਾ ਖ਼ਤਰਾ ਰਹਿੰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 

Babita

This news is Content Editor Babita