3 ਨਵੰਬਰ ਨੂੰ ਹੋਵੇਗਾ ਆਲ ਇੰਡੀਆ ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀ ਸਮਾਗਮ: ਬੀਬੀ ਜਗੀਰ ਕੌਰ

07/18/2019 8:07:31 PM

ਸੁਲਤਾਨਪੁਰ ਲੋਧੀ, (ਸੁਰਿੰਦਰ ਸਿੰਘ ਸੋਢੀ): ਮਨੁੱਖਤਾ ਦੇ ਰਹਿਬਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਵੇਂ ਪ੍ਰਕਾਸ਼ ਪੁਰਬ ਤੇ 3 ਨਵੰਬਰ ਨੂੰ ਆਲ ਇੰਡੀਆ ਸ੍ਰੀ ਸੁਖਮਣੀ ਸਾਹਿਬ ਸੁਸਾਇਟੀ ਗੁਰਮਤਿ ਸਮਾਗਮ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਵੇਗਾ। ਜਿਸ 'ਚ ਪੂਰੇ ਭਾਰਤ ਦੀਆਂ ਸਮੂਹ ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀਆਂ ਵਲੋਂ ਹਿੱਸਾ ਲਿਆ ਜਾਵੇਗਾ। ਇਹ ਜਾਣਕਾਰੀ ਵੀਰਵਾਰ ਸ਼ਾਮ ਇੱਥੇ ਸਮੁੱਚੇ ਪੰਜਾਬ ਦੀਆਂ ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀਆਂ ਦੀ ਪ੍ਰਬੰਧਾਂ ਸੰਬੰਧੀ ਹੋਈ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਕਮੇਟੀ ਦੀ ਸ਼ਤਾਬਦੀ ਸੰਬੰਧੀ ਪ੍ਰਬੰਧਕੀ ਸਬ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਬੈਗੋਵਾਲ ਨੇ ਦਿੱਤੀ । 

ਇਸ ਮੀਟਿੰਗ 'ਚ ਸ਼੍ਰੋਮਣੀ ਕਮੇਟੀ ਦੇ ਐਡਜੈਕਟਿਵ ਮੈਂਬਰ ਜਥੇ ਸ਼ਿੰਗਾਰਾ ਸਿੰਘ ਲੋਹੀਆਂ , ਬੀਬੀ ਗੁਰਪ੍ਰੀਤ ਕੌਰ ਰੂਹੀ ਮੈਬਰ ਸ਼੍ਰੋਮਣੀ ਕਮੇਟੀ ਸੁਲਤਾਨਪੁਰ ਲੋਧੀ , ਜਥੇ ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਸ਼੍ਰੋਮਣੀ ਕਮੇਟੀ ਕਪੂਰਥਲਾ, ਭਾਈ ਮਹਿੰਦਰ ਸਿੰਘ ਆਹਲੀ ਸਕੱਤਰ ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਤੋਂ ਇਲਾਵਾ ਪਟਿਆਲਾ , ਸ੍ਰੀ ਅੰਮ੍ਰਿਤਸਰ, ਬਟਾਲਾ, ਫਗਵਾੜਾ, ਸੰਗਰੂਰ, ਲੁਧਿਆਣਾ, ਜੰਡਿਆਲਾ , ਸ਼੍ਰੀ ਗੰਗਾਨਗਰ, ਅਬੋਹਰ, ਮੁਕਤਸਰ ਸਾਹਿਬ ਆਦਿ ਤੋਂ ਸ਼੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀਆਂ ਦੇ ਧਾਰਮਿਕ ਆਗੂ ਸਾਹਿਬਾਨ ਸ਼ਾਮਿਲ ਹੋਏ । ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਕੁਝ ਆਗੂਆਂ ਵਲੋਂ ਕੀਤੀ ਜਾ ਰਹੀ ਗੁੰਮਰਾਹਕੁੰਨ ਬਿਆਨਬਾਜੀ ਬਾਰੇ ਸ਼ਪੱਸ਼ਟ ਕਰਦੇ ਕਿਹਾ ਕਿ ਹੁਣ ਤੱਕ ਜਿੰਨੀਆਂ ਵੀ ਸ਼ਤਾਬਦੀਆਂ ਮਨਾਈਆਂ ਗਈਆਂ ਹਨ। ਇਨ੍ਹਾਂ ਸਾਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹੀ ਕੀਤਾ ਜਾਂਦਾ ਰਿਹਾ ਹੈ ਤੇ ਸ਼੍ਰੋਮਣੀ ਕਮੇਟੀ ਵਲੋਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਤੇ ਹੋਰ ਵਿਸ਼ੇਸ਼ ਹਸਤੀਆਂ ਨੂੰ ਸੱਦੇ ਦਿੱਤੇ ਜਾਂਦੇ ਰਹੇ ਹਨ ।

ਉਨ੍ਹਾਂ  ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਵੱਡੇ ਸਮਾਗਮ ਉਲੀਕੇ ਗਏ ਹਨ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਹੋਣਗੇ ਤੇ ਮੁੱਖ ਸਮਾਗਮ ਸੁਲਤਾਨਪੁਰ ਲੋਧੀ ਵਿਖੇ 12 ਨਵੰਬਰ ਨੂੰ ਕਰਵਾਇਆ ਜਾਵੇਗਾ ,ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਤੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਤੇ ਹੋਰ ਹਸਤੀਆਂ ਨੂੰ ਸ਼ਾਮਿਲ ਹੋਣ ਲਈ ਸੱਦੇ ਦਿੱਤੇ ਜਾ ਰਹੇ ਹਨ । ਇਸ ਸਮੇ ਮੀਟਿੰਗ ਦੌਰਾਨ ਉਨ੍ਹਾਂ 3 ਨਵੰਬਰ ਦੇ ਸਮਾਗਮ ਦੀਆਂ ਤਿਆਰੀਆਂ ਬਾਰੇ ਸੁਝਾਅ ਪ੍ਰਾਪਤ ਕੀਤੇ ਤੇ ਦੱਸਿਆ ਕਿ ਇਹ ਸਮਾਗਮ ਸਵੇਰੇ 10 ਵਜੇ ਆਰੰਭ ਹੋਵੇਗਾ ਜਿਸ ਵਿੱਚ ਪੂਰੇ ਦੇਸ਼ ਦੀਆਂ ਸ੍ਰੀ ਸੁਖਮਣੀ ਸਾਹਿਬ ਸੇਵਾ ਸੁਸਾਇਟੀਆਂ ਵਲੋਂ ਭਾਗ ਲਿਆ ਜਾਵੇਗਾ ਤੇ ਕੌਮਾਂਤਰੀ ਪੱਧਰ ਦਾ ਵਿਸ਼ਾਲ  ਗੁਰਮਤਿ ਸਮਾਗਮ ਹੋਵੇਗਾ ।