‘ਰੰਧਾਵਾ ਫੋਬੀਆ’ ਦਾ ਸ਼ਿਕਾਰ ਹੋਇਆ ਮਜੀਠੀਆ : ਸਹਿਕਾਰਤਾ ਮੰਤਰੀ

07/02/2020 10:28:51 AM

ਚੰਡੀਗੜ੍ਹ (ਸ਼ਰਮਾ) : ਸਹਿਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਦਾ ਬੀਮਾ ਕਰਵਾਉਣ ਲਈ ਇਕ ਕੰਪਨੀ ਨੂੰ ਤਰਜ਼ੀਹ ਦੇਣ ਦੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਵਲੋਂ ਲਗਾਏ ਦੋਸ਼ਾਂ ਨੂੰ ਮੁੱਢੋਂ ਰੱਦ ਕਰਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਸ ਆਗੂ ਨੂੰ ‘ਰੰਧਾਵਾ ਫੋਬੀਆ’ ਹੋ ਗਿਆ ਹੈ ਅਤੇ ਉਸ ਨੂੰ ਦਿਨ-ਰਾਤ ਮੇਰੇ ਸੁਪਨੇ ਆਉਂਦੇ ਹਨ। ਇੱਥੋਂ ਤੱਕ ਕਿ ਕੋਰੋਨਾ ਮਹਾਮਾਰੀ ਦੀ ਆਫ਼ਤ ਦੌਰਾਨ ਮੁਲਾਜ਼ਮਾਂ ਦੇ ਹਿੱਤ 'ਚ ਕੀਤੇ ਭਲਾਈ ਦੇ ਫੈਸਲੇ 'ਚ ਵੀ ਅਕਾਲੀ ਆਪਣੀਆਂ ਨਿੱਜੀ ਕਿੜਾਂ ਕੱਢਣ ਲਈ ਬੇਬੁਨਿਆਦ ਦੋਸ਼ ਲਾ ਕੇ ਸਿਆਸਤ ਕਰ ਰਹੇ ਹਨ।

ਸਹਿਕਾਰਤਾ ਮੰਤਰੀ ਨੇ ਤੱਥਾਂ ਸਮੇਤ ਸਾਰੇ ਦੋਸ਼ਾਂ ਦਾ ਜਵਾਬ ਦਿੰਦਿਆਂ ਸਾਰੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਇਕ ਹੀ ਕੰਪਨੀ ਵੱਲੋਂ ਟੈਂਡਰ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ 4 ਕੰਪਨੀਆਂ ਨੇ ਬੋਲੀ 'ਚ ਹਿੱਸਾ ਲਿਆ ਸੀ। ਉਨ੍ਹਾਂ ਕਿਹਾ ਕਿ ਸੀ. ਵੀ. ਸੀ. ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਹੰਗਾਮੀ ਹਾਲਤਾਂ 'ਚ ਵਾਜਬ ਅਥਾਰਟੀ ਦੀ ਪ੍ਰਵਾਨਗੀ ਨਾਲ ਇਕਹਿਰੀ ਬੋਲੀ ਲੱਗ ਸਕਦੀ ਹੈ ਪਰ ਫਿਰ ਵੀ ਉਨ੍ਹਾਂ ਦੇ ਮਹਿਕਮੇ ਵੱਲੋਂ ਇਕਹਿਰੀ ਬੋਲੀ ਨੂੰ ਪਹਿਲ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬੀਮਾ ਕਵਰ ਦੇਣ ਦੇ ਕੇਸ ਵਿਚ 'ਚ ਸਿਰਫ਼ ਇਕ ਹੀ ਕੰਪਨੀ ਯੋਗ ਪਾਈ ਗਈ। ਤਕਨੀਕੀ ਬੋਲੀ ਲਈ 4 ਕੰਪਨੀਆਂ ਯੋਗ ਪਾਈਆਂ ਗਈਆਂ, ਜਿਨ੍ਹਾਂ ਨੇ 5 ਕੁਟੇਸ਼ਨਾਂ ਦਿੱਤੀਆਂ। ਇਨ੍ਹਾਂ 'ਚ ਇਕ ਕੰਪਨੀ ਐੱਲ. ਆਈ. ਸੀ. ਨੇ 2 ਕੁਟੇਸ਼ਨਾਂ ਦਿੱਤੀਆਂ ਪਰ ਜਦੋਂ ਵਿੱਤੀ ਬੋਲੀ ਖੋਲ੍ਹੀ ਗਈ ਤਾਂ ਸਿਰਫ਼ ਇਕੋ ਕੰਪਨੀ ਗੋ ਡਿਜੀਟ ਯੋਗ ਪਾਈ ਗਈ।

ਰੰਧਾਵਾ ਨੇ ਕਿਹਾ ਕਿ ਬੀਮਾ ਕਵਰ ਦੇਣ ਲਈ ਸਰਕਾਰੀ ਬੀਮਾ ਕੰਪਨੀਆਂ ਨੂੰ ਅਣਗੌਲਿਆਂ ਕਰਨ ਦੇ ਲਾਏ ਦੋਸ਼ ਵੀ ਬੇਬੁਨਿਆਦ ਹਨ ਕਿਉਂਕਿ ਐੱਲ. ਆਈ. ਸੀ. ਉਨ੍ਹਾਂ 4 ਕੰਪਨੀਆਂ 'ਚੋਂ ਇਕ ਸੀ, ਜਿਹੜੀਆਂ ਤਕਨੀਕੀ ਬੋਲੀ ਲਈ ਯੋਗ ਪਾਈਆਂ ਗਈਆਂ ਸਨ। ਐੱਲ. ਆਈ. ਸੀ. ਵੱਲੋਂ ਸਿਰਫ਼ 10 ਲੱਖ ਰੁਪਏ ਤੱਕ ਦਾ ਬੀਮਾ ਕਵਰ ਦੇਣ ਦਾ ਫੈਸਲਾ ਕੀਤਾ ਸੀ ਪਰ ਮਹਿਕਮੇ ਵੱਲੋਂ ਮੁਲਾਜ਼ਮਾਂ ਦਾ 25 ਲੱਖ ਰੁਪਏ ਤੱਕ ਦਾ ਬੀਮਾ ਕੀਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਐੱਲ. ਆਈ. ਐੱਸ. ਨੇ 10 ਲੱਖ ਰੁਪਏ ਬੀਮਾ ਕਵਰ ਕਰਨ ਲਈ 8000 ਰੁਪਏ ਅਤੇ ਜੀ. ਐੱਸ. ਟੀ. ਦਾ ਪ੍ਰੀਮੀਅਮ ਮੰਗਿਆ ਸੀ, ਜਦੋਂ ਕਿ ਜਿਸ ‘ਗੋ ਡਿਜੀਟ’ ਕੰਪਨੀ ਨੂੰ ਇਹ ਬੀਮਾ ਦਿੱਤਾ ਗਿਆ, ਉਸ ਵਲੋਂ 25 ਲੱਖ ਰੁਪਏ ਦਾ ਬੀਮਾ ਕਵਰ ਲਈ ਜੀ. ਐੱਸ. ਟੀ. ਸਮੇਤ 1977 ਰੁਪਏ ਪ੍ਰੀਮੀਅਮ ਲਿਆ ਗਿਆ, ਜੋ ਕਿ ਐੱਲ. ਆਈ. ਸੀ. ਦੀ ਪੇਸ਼ਕਸ਼ ਤੋਂ ਬਹੁਤ ਘੱਟ ਹੈ।

ਐੱਲ. ਆਈ. ਸੀ. ਜੇ. 10 ਲੱਖ ਦੇ ਅਨੁਪਾਤ 'ਚ ਹੀ 25 ਲੱਖ ਰੁਪਏ ਦਾ ਬੀਮਾ ਕਰਦੀ ਤਾਂ ਪ੍ਰੀਮੀਅਮ ਰਾਸ਼ੀ ਸਮੇਤ ਜੀ. ਐੱਸ. ਟੀ. 23000 ਤੋਂ ਘੱਟ ਨਹੀਂ ਹੋਣੀ ਸੀ ਜੋ ਕਿ ਮੌਜੂਦਾ ਪ੍ਰੀਮੀਅਮ ਰਾਸ਼ੀ (1977) ਨਾਲੋਂ ਬਹੁਤ ਜ਼ਿਆਦਾ ਬਣਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਿਸ ਸਮੇਂ ਇਹ ਬੀਮਾ ਕੀਤਾ ਗਿਆ, ਉਸ ਵੇਲੇ ਕੋਰੋਨਾ ਦੇ ਕੇਸਾਂ ਦੀ ਗਿਣਤੀ ਘੱਟ ਸੀ। ਉਸ ਤੋਂ ਬਾਅਦ ਜਿਸ ਦਰ ਨਾਲ ਕੇਸਾਂ ਦੀ ਗਿਣਤੀ ਵਧੀ ਹੈ, ਬੀਮਾ ਪ੍ਰੀਮੀਅਮ ਦੀ ਰਾਸ਼ੀ ਵੀ ਵਧ ਜਾਣੀ ਹੈ। ਇਸ ਲਈ ਸਹਿਕਾਰਤਾ ਮਹਿਕਮੇ ਵਲੋਂ ਸਹੀ ਸਮੇਂ ’ਤੇ ਘੱਟ ਪ੍ਰੀਮੀਅਮ ’ਤੇ ਬੀਮਾ ਕੀਤਾ ਗਿਆ, ਜਿਸ ਨਾਲ ਮੁਲਾਜ਼ਮਾਂ ਦਾ ਜ਼ੋਖਮ ਵੀ ਦੂਰ ਹੋ ਗਿਆ।
ਇਹ

Babita

This news is Content Editor Babita