ਸਚਿਨ ਮੇਰਾ ਇਨਫਾਰਮਰ ਸੀ ਜਿਸ ਨੇ ਦਿੱਤੇ ਪੈਸੇ ਵਾਪਸ ਕੀਤੇ ਤਾਂ 3 ਨੋਟ ਘੱਟ ਸਨ : ਇੰਸ. ਸੁਖਜਿੰਦਰ

11/18/2017 4:35:04 AM

ਮਾਮਲਾ ਐੱਸ.ਐੱਚ.ਓ. ਤੇ ਸਚਿਨ ਦੇ ਆਡੀਓ ਵਾਇਰਲ ਦਾ 
ਗੁਰਾਇਆ(ਮੁਨੀਸ਼)-ਥਾਣਾ ਗੁਰਾਇਆ ਦੇ ਸਾਬਕਾ ਐੱਸ. ਐੱਚ. ਓ. ਸੁਖਜਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ 'ਤੇ ਰਿਸ਼ਵਤ ਲੈਣ ਦੇ ਲਾਏ ਜਾ ਰਹੇ ਦੋਸ਼ ਬੇਬੁਨਿਆਦ ਹਨ। ਸੁਖਜਿੰਦਰ ਸਿੰਘ ਨੇ ਕਿਹਾ ਕਿ ਸਚਿਨ ਸ਼ਰਮਾ ਅਤੇ ਗਗਨ ਸ਼ਰਮਾ ਨੇ ਗੱਡੀ ਖੋਹੀ ਸੀ, ਜਿਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਸਚਿਨ ਜੋ ਕਹਿ ਰਿਹਾ ਹੈ ਕਿ ਘਟਨਾ ਵਾਲੇ ਦਿਨ ਉਹ ਸਾਰਾ ਦਿਨ ਉਨ੍ਹਾਂ ਦੇ ਨਾਲ ਸੀ, ਉਹ ਝੂਠ ਬੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਚਿਨ ਉਨ੍ਹਾਂ ਦੇ ਪਿੰਡ ਪੱਦੀ ਖਾਲਸਾ ਵਿਖੇ ਆਇਆ ਜ਼ਰੂਰ ਸੀ ਪਰ ਜਦੋਂ ਦੀ ਕਾਰ ਖੋਹਣ ਵਾਲੀ ਵਾਰਦਾਤ ਦਾ ਸਮਾਂ ਹੈ, ਉਸ ਸਮੇਂ ਤੋਂ ਬਾਅਦ ਆਇਆ ਸੀ, ਜੋ ਵਾਰਦਾਤ ਨੂੰ ਅੰਜਾਮ ਦੇ ਕੇ ਆਇਆ ਸੀ। ਪੈਸਿਆਂ ਦੇ ਲੈਣ-ਦੇਣ ਦੀ ਆਡਿਓ ਦੇ ਵਾਇਰਲ ਹੋਣ 'ਤੇ ਉਨ੍ਹਾਂ ਸਫਾਈ ਦਿੰਦੇ ਹੋਏ ਕਿਹਾ ਕਿ ਦੋ ਆਡਿਓ ਜੋ ਵਾਇਰਲ ਹੋਏ ਹਨ, ਉਹ ਦੋਵੇਂ ਵੱਖ-ਵੱਖ ਦਿਨਾਂ ਦੇ ਹਨ। ਉਨ੍ਹਾਂ ਕਿਹਾ ਕਿ ਸਚਿਨ ਉਨ੍ਹਾਂ ਦੇ ਲਈ ਇਨਫਾਰਮਰ ਦਾ ਕੰਮ ਕਰਦਾ ਸੀ, ਜਿਸ ਨੂੰ ਉਨ੍ਹਾਂ ਨੇ 50,000 ਰੁਪਏ ਦਿੱਤੇ ਸੀ। ਜਦ ਸਚਿਨ ਪੈਸੇ ਵਾਪਸ ਕਰਕੇ ਗਿਆ ਤਾਂ ਉਸ ਵਿਚੋਂ 6000 ਰੁਪਏ ਘੱਟ ਸੀ, ਜਿਸ ਦੇ ਲਈ ਉਨ੍ਹਾਂ ਨੇ ਉਸ ਤੋਂ ਪੁੱਛਿਆ ਸੀ। ਸਚਿਨ 'ਤੇ ਕਾਰ ਖੋਹਣ ਦਾ ਮਾਮਲਾ ਦਰਜ ਹੈ। ਸਚਿਨ ਦੇ ਬਚਾਅ ਦੇ ਲਈ ਦੂਜੀ ਆਡਿਓ ਕੀਤੀ, ਜਿਸ 'ਚ ਅਰੈਸਟ ਨਾ ਕਰਨ ਦੀ ਗੱਲ ਕਹੀ ਜਾ ਰਹੀ ਹੈ ਅਤੇ ਇਸ ਲਈ ਕਹੀ ਜਾ ਰਹੀ ਹੈ ਕਿ ਸਚਿਨ ਉਨ੍ਹਾਂ ਦਾ ਇਨਫਾਰਮਰ ਹੈ। ਜਿਸ ਦੇ ਬਚਾਓ ਦੇ ਲਈ ਉਨ੍ਹਾਂ ਨੇ ਸ਼ਰਾਬ ਠੇਕੇਦਾਰ ਨਾਲ ਗੱਲ ਕੀਤੀ ਸੀ ਅਤੇ ਠੇਕੇਦਾਰ ਨੇ ਕਿਹਾ ਸੀ ਕਿ ਸਚਿਨ ਆਪਣੇ ਭਰਾ ਨੂੰ ਫੜਾ ਦੇ। ਉਨ੍ਹਾਂ ਕਿਹਾ ਕਿ ਹੁਣ ਸਚਿਨ ਨੇ ਉਨ੍ਹਾਂ 'ਤੇ ਝੂਠਾ ਦੋਸ਼ ਲਾਉਂਦੇ ਹੋਏ ਆਡਿਓ ਵਾਇਰਲ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਿਭਾਗ ਅਤੇ ਸੀਨੀਅਰ ਅਧਿਕਾਰੀਆਂ 'ਤੇ ਪੂਰਾ ਭਰੋਸਾ ਹੈ ਕਿ ਉਹ ਉਨ੍ਹਾਂ ਨੂੰ ਇਨਸਾਫ ਦੇਣਗੇ।
ਉਧਰ ਦੂਜੇ ਪਾਸੇ ਸਚਿਨ ਸ਼ਰਮਾ ਅਤੇ ਉਸ ਦੇ ਪੱਖ ਵਿਚ ਆਏ ਬਹੁਜਨ ਸਮਾਜ ਪਾਰਟੀ ਦੇ ਨੇਤਾ ਹਰਮੇਸ਼ ਇੰਚਾਰਜ ਜ਼ਿਲਾ ਜਲੰਧਰ, ਤੀਰਥ ਰਾਜਪੁਰਾ ਸੂਬਾ ਕਮੇਟੀ ਮੈਂਬਰ, ਸੁਖਵਿੰਦਰ ਬਿੱਟੂ ਪ੍ਰਧਾਨ ਹਲਕਾ ਫਿਲੌਰ, ਜਤਿੰਦਰ ਹੈਪੀ ਪ੍ਰਧਾਨ ਯੂਥ ਵਿੰਗ ਬਸਪਾ ਹਲਕਾ ਫਿਲੌਰ ਨੇ ਸਥਾਨਕ ਇਕ ਹੋਟਲ ਵਿਚ ਪੈੱ੍ਰਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋ ਕੇ ਆਏ ਹਨ, ਜਿਨ੍ਹਾਂ ਨੇ ਉਸ ਦੇ ਬਿਆਨ ਲਏ ਹਨ ਅਤੇ ਸਾਰੀ ਘਟਨਾ ਦੀ ਜਾਣਕਾਰੀ ਲੈਂਦੇ ਹੋਏ ਹਲਫੀਆ ਬਿਆਨ ਵੀ ਲਿਆ ਹੈ। ਸਚਿਨ ਨੇ ਕਿਹਾ ਕਿ ਉਸ ਨੇ ਆਪਣੇ ਉਪਰ ਦਰਜ ਕੀਤਾ ਝੂਠਾ ਮਾਮਲਾ ਰੱਦ ਕਰਨ ਦੀ ਮੰਗ ਕਰਦੇ ਹੋਏ ਐੱਸ. ਐੱਚ. ਓ. ਨੂੰ ਜਲਦੀ ਸਸਪੈਂਡ ਕਰਨ ਅਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਚਿਨ ਨੇ ਕਿਹਾ ਕਿ ਉਹ ਗੁਰਾਇਆ ਠੇਕੇ 'ਤੇ ਪਹਿਲਾਂ ਰੇਡ ਪਾਰਟੀ ਵਿਚ ਕੰਮ ਕਰਦਾ ਸੀ ਅਤੇ ਠੇਕੇ ਤੋਂ ਹਟ ਗਿਆ ਸੀ। ਉਸ ਦੇ ਭਰਾ ਗਗਨ ਅਤੇ ਸਚਿਨ ਨੇ ਠੇਕੇ ਵਾਲਿਆਂ ਦੀ ਨਾਜਾਇਜ਼ ਸ਼ਰਾਬ ਦੀਆਂ ਦੋ ਵਾਰ ਗੱਡੀਆਂ ਗੁਰਾਇਆ ਪੁਲਸ ਨੂੰ ਫੜਵਾਈਆਂ ਸਨ ਪਰ ਉਕਤ ਐੱਸ.ਐੱਚ.ਓ. ਨੇ ਪੈਸੇ ਲੈ ਕੇ ਬਿਨਾਂ ਕਾਰਵਾਈ ਕੀਤੇ ਦੋਵਾਂ ਗੱਡੀਆਂ ਨੂੰ ਛੱਡ ਦਿੱਤਾ ਸੀ। ਜਿਸ ਦੇ ਬਾਅਦ ਉਸਦਾ ਭਰਾ ਗਗਨ, ਜੋ ਪਹਿਲਾਂ ਬਹਿਰਾਮ ਠੇਕੇਦਾਰਾਂ ਦੇ ਕੋਲ ਕੰਮ ਕਰਨ ਲੱਗ ਗਿਆ ਸੀ ਅਤੇ ਬਾਅਦ ਵਿਚ ਫਗਵਾੜਾ ਦੇ ਠੇਕੇਦਾਰਾਂ ਦੇ ਕੋਲ ਕੰਮ ਕਰਨ ਲੱਗ ਗਿਆ ਸੀ, ਜੋ ਰੇਡ ਪਾਰਟੀ ਵਿਚ ਕੰਮ ਕਰਦਾ ਸੀ। ਸਚਿਨ ਨੇ ਕਿਹਾ ਕਿ ਜਿਸ ਵਿਅਕਤੀ ਵਲੋਂ ਉਨ੍ਹਾਂ 'ਤੇ ਗੱਡੀ ਲੁੱਟਣ ਦਾ ਦੋਸ਼ ਲਾਇਆ ਜਾ ਰਿਹਾ ਹੈ, ਉਹ ਖੁਦ ਸ਼ਰਾਬ ਦਾ ਨਾਜਾਇਜ਼ ਕਾਰੋਬਾਰ ਕਰਦਾ ਹੈ, ਜੋ ਗੁਰਾਇਆ ਤੋਂ ਸ਼ਰਾਬ ਲਿਜਾ ਕੇ ਫਗਵਾੜਾ ਵਿਚ ਵੇਚਦਾ ਸੀ, ਜਿਸ ਨੂੰ ਉਨ੍ਹਾਂ ਨੇ ਚਾਰ ਵਾਰ ਫੜਿਆ ਹੈ ਅਤੇ ਜਿਸ ਦੇ ਖਿਲਾਫ ਮਾਮਲੇ ਵੀ ਦਰਜ ਹਨ। ਜਿਸ ਦਿਨ ਉਸ ਦੇ ਭਰਾ ਗਗਨ ਨੇ ਕਾਰ ਫੜੀ ਸੀ, ਉਸ ਦਿਨ ਵੀ ਕਾਰ ਵਿਚ ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਸਨ, ਕਾਰ ਉਨ੍ਹਾਂ ਨੇ ਮੇਹਲੀ ਪੁਲਸ ਚੌਕੀ ਦੇ ਬਾਹਰ ਖੜ੍ਹੀ ਸੀ ਪਰ ਚੌਕੀ ਇੰਚਾਰਜ ਚੌਕੀ ਵਿਚ ਨਾ ਹੋਣ ਕਾਰਨ ਕਾਰਵਾਈ ਨਹੀਂ ਹੋ ਸਕੀ। ਗੁਰਾਇਆ ਪੁਲਸ ਮੇਹਲੀ ਚੌਕੀ ਤੋਂ ਕਾਰ ਲੈ ਕੇ ਆਈ ਹੈ। ਐੱਸ.ਐੱਚ.ਓ. ਸੁਖਜਿੰਦਰ ਸਿੰਘ ਸਬੰਧੀ ਪੁੱਛੇ ਜਾਣ 'ਤੇ ਸਚਿਨ ਨੇ ਕਿਹਾ ਕਿ ਐਸ.ਐਚ.ਓ ਗੁਰਾਇਆ ਉਸਨੂੰ ਪੱਦੀ ਖਾਲਸਾ ਵਿੱਚ ਲੈ ਕੇ ਗਏ ਸੀ।  ਉਸ ਨੇ ਕਿਹਾ ਕਿ ਜੋ ਐੱਸ.ਐੱਚ.ਓ. ਇਨਫਾਰਮਰ ਹੋਣ ਦੀ ਗੱਲ ਕਹਿ ਕੇ 50 ਹਜ਼ਾਰ ਰੁਪਏ ਦੇਣ ਦੀ ਗੱਲ ਕਹਿ ਰਿਹਾ ਹੈ, ਉਹ ਸਿਰਫ ਝੂਠ ਅਤੇ ਕਾਰਵਾਈ ਤੋਂ ਬਚਣ ਦੇ ਲਈ ਬੋਲ ਰਹੇ ਹਨ। ਸਚਿਨ ਨੇ ਕਿਹਾ ਕਿ ਉਸ ਨੇ ਐੱਸ.ਐੱਚ.ਓ. ਗੁਰਾਇਆ ਨੂੰ ਖੁਦ ਪੈਸੇ ਦਿੱਤੇ ਹਨ। ਸਚਿਨ ਨੇ ਕਿਹਾ ਕਿ ਸੀਨੀਅਰ ਅਧਿਕਾਰੀ ਉਨ੍ਹਾਂ ਦੇ ਪ੍ਰਾਇਵੇਟ ਨੰਬਰਾਂ ਦੀ ਡਿਟੇਲ ਅਤੇ ਰਿਕਾਰਡਿੰਗ ਕੱਢਵਾ ਲੈਣ। ਕਿਸ ਕਿਸ ਪਾਰਟੀ ਤੋਂ ਕਿੰਨੇ ਕਿੰਨੇ ਪੈਸੇ ਲਏ ਹਨ, ਸਾਰਾ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਸਚਿਨ ਨੇ ਕਿਹਾ ਕਿ ਜੋ ਐੱਸ.ਐੱਚ.ਓ. ਕਹਿ ਰਹੇ ਹਨ ਕਿ ਉਹ ਪੱਦੀ ਵਿਚ 2.30 ਵਜੇ ਉਨ੍ਹਾਂ ਦੇ ਕੋਲ ਆਇਆ ਹੈ, ਸੀਨੀਅਰ ਅਧਿਕਾਰੀ ਐੱਸ.ਐੱਚ.ਓ. ਅਤੇ ਮੇਰੇ ਦੋਵਾਂ ਦੇ ਫੋਨਾਂ ਦੀ ਟਾਵਰ ਲੋਕੇਸ਼ਨ ਕਢਵਾ ਲੈਣ। ਜੋ ਝੂਠਾ ਹੋਵੇਗਾ ਉਸ 'ਤੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇ। ਸਚਿਨ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਪੰਜਾਬ ਸਰਕਾਰ ਅਤੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਵਧਾਉਣ ਵਾਲੇ ਅਧਿਕਾਰੀਆਂ ਨੂੰ ਨੌਕਰੀ ਤੋਂ ਸਸਪੈਂਡ ਕਰਕੇ ਮਾਮਲਾ ਦਰਜ ਕੀਤਾ ਜਾਵੇ।