ਸੁਖਜਿੰਦਰ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਚਿੱਠੀ ਲਿਖੀ, ਕੀਤੀ ਇਹ ਮੰਗ

03/31/2022 10:58:21 AM

ਜਲੰਧਰ (ਧਵਨ)–ਪੰਜਾਬ ਦੇ ਸਾਬਕਾ ਉੱਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਇਕੋ ਚੈਨਲ ਨੂੰ ਗੁਰਬਾਣੀ ਦੇ ਪ੍ਰਸਾਰਣ ਦੇ ਦਿੱਤੇ ਅਧਿਕਾਰਾਂ ’ਤੇ ਇਤਰਾਜ਼ ਜ਼ਾਹਿਰ ਕੀਤਾ। ਚਿੱਠੀ ਵਿਚ ਰੰਧਾਵਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਚ ਰੋਜ਼ਾਨਾ ਹੋਣ ਵਾਲੇ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਕਰਨ ਦੇ ਅਧਿਕਾਰ ਇਕ ਚੈਨਲ ਨੂੰ ਦਿੱਤੇ ਗਏ ਹਨ। ਸਮੁੱਚੀ ਸਿੱਖ ਸੰਗਤ ਜਾਣਦੀ ਹੈ ਕਿ ਇਸ ਚੈਨਲ ਦੀ ਮਲਕੀਅਤ ਬਾਦਲ ਪਰਿਵਾਰ ਕੋਲ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ੁਦ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਕ ਇੰਟਰਵਿਊ ਵਿਚ ਕਹਿ ਚੁੱਕੇ ਹਨ ਕਿ ਉਕਤ ਚੈਨਲ ਦੇ ਮਾਲਕ ਉਹ ਖ਼ੁਦ ਹਨ। ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਮੰਗ ਕਰ ਚੁੱਕੀ ਹੈ ਕਿ ਸਭ ਧਰਮਾਂ ਦੇ ਸਾਂਝੇ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ’ਚ ਹੋਣ ਵਾਲੇ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਕਰਨ ਦੇ ਅਧਿਕਾਰ ਇਕ ਚੈਨਲ ਵਿਸ਼ੇਸ਼ ਨੂੰ ਦੇਣ ਦੀ ਬਜਾਏ ਸਭ ਚੈਨਲਾਂ ਨੂੰ ਬਰਾਬਰ ਦੇਣੇ ਚਾਹੀਦੇ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ 'ਚ ਯਾਦਵਿੰਦਰ ਯਾਦਾ ਗ੍ਰਿਫ਼ਤਾਰ, ਸਾਹਮਣੇ ਆਈ ਇਹ ਗੱਲ

ਸੁਖਜਿੰਦਰ ਰੰਧਾਵਾ ਨੇ ਚਿੱਠੀ ਵਿਚ ਅੱਗੇ ਲਿਖਿਆ ਕਿ ਹੁਣੇ ਜਿਹੇ ਹੋਈਆਂ ਘਟਨਾਵਾਂ ਕਾਰਨ ਸਮੁੱਚੀ ਸਿੱਖ ਸੰਗਤ ਦੇ ਮਨਾਂ ਨੂੰ ਠੇਸ ਲੱਗੀ ਹੈ। ਪੰਜਾਬ ਪੁਲਸ ਨੇ ਇਸ ਚੈਨਲ ਦੇ ਕੁਝ ਅਧਿਕਾਰੀਆਂ ਖ਼ਿਲਾਫ਼ ਹੁਣੇ ਜਿਹੇ ਮੋਹਾਲੀ ਵਿਖੇ ਕੇਸ ਵੀ ਦਰਜ ਕੀਤਾ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਉਨ੍ਹਾਂ ਦੀ ਸਿੱਖ ਕੌਮ ਪ੍ਰਤੀ ਜ਼ਿੰਮੇਵਾਰੀ ਜ਼ਿਆਦਾ ਹੈ। ਇਸ ਲਈ ਜਲਦ ਤੋਂ ਜਲਦ ਇਸ ਮਾਮਲੇ ’ਚ ਉਨ੍ਹਾਂ ਨੂੰ ਫ਼ੈਸਲਾ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਫਿਲੌਰ ਵਿਖੇ ਮਾਂ ਨੂੰ ਭਿਆਨਕ ਮੌਤ ਦੇਣ ਵਾਲੀ ਧੀ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri