'ਆਪ' ਦੀ ਹਨੇਰੀ 'ਚ ਵੀ ਸੁਖਜਿੰਦਰ ਰੰਧਾਵਾ, ਤ੍ਰਿਪਤ ਬਾਜਵਾ ਤੇ ਸੁੱਖ ਸਰਕਾਰੀਆ ਰਹੇ ਜੇਤੂ

03/11/2022 10:21:59 PM

ਬਟਾਲਾ (ਮਠਾਰੂ) : ਲੱਗਦਾ ਹੈ ਕਾਂਗਰਸ ਦੀ ਮਾਝਾ ਬ੍ਰਿਗੇਡ ਦੇ ਦਿੱਗਜ ਆਗੂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੇ ਦਿਨ ਚੰਗੇ ਹਨ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਕਾਂਗਰਸ ਦੀ ਇਸ ਮਾਝਾ ਬ੍ਰਿਗੇਡ ਨੂੰ ਕਾਫ਼ੀ ਵੱਡੀਆਂ ਚੁਣੌਤੀਆਂ ਅਤੇ ਸਿਆਸੀ ਤੌਰ 'ਤੇ ਤੇਜ਼ ਹਨੇਰੀ, ਝੱਖੜਾਂ ਦਾ ਸਾਹਮਣਾ ਕਰਨਾ ਪਿਆ ਹੈ ਪਰ ਇਸ ਦੇ ਬਾਵਜੂਦ ਪ੍ਰਮਾਤਮਾ ਦੀ ਕ੍ਰਿਪਾ ਸਦਕਾ ਅਤੇ ਲੋਕਾਂ ਦੇ ਪਿਆਰ ਕਾਰਨ ਕਾਂਗਰਸ ਦੀ ਮਾਝਾ ਬ੍ਰਿਗੇਡ ਹਰ ਮੈਦਾਨ ਫਤਿਹ ਕਰਦੀ ਆ ਰਹੀ ਹੈ।

ਇਹ ਵੀ ਪੜ੍ਹੋ : ਭਗਵੰਤ ਮਾਨ ਨੇ ਦਿੱਲੀ 'ਚ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ, ਪੈਰ ਛੂਹ ਲਿਆ ਆਸ਼ੀਰਵਾਦ

ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਸੀਨੀਅਰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੇ ਨਾਂ ਰਾਜਨੀਤਕ ਗਲਿਆਰਿਆਂ 'ਚ ਚਰਚਾ ਵਿਚ ਕਿਉਂ ਰਹਿੰਦੇ ਹਨ। ਭਾਵੇਂ ਕੈਪਟਨ ਸਰਕਾਰ ਨੂੰ ਚਲਾਉਣ ਦੀ ਗੱਲ ਹੋਵੇ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਦੀ, ਇਸ ਨੂੰ ਆਰ-ਪਾਰ ਲਗਾਉਣ ਵਿਚ ਵੀ ਕਾਂਗਰਸ ਦੀ ਮਾਝਾ ਬ੍ਰਿਗੇਡ ਦਾ ਅਹਿਮ ਰੋਲ ਮੰਨਿਆ ਜਾਂਦਾ ਹੈ, ਜਦਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਲਈ ਵੀ ਇਨ੍ਹਾਂ ਦਾ ਲੋਹਾ ਮੰਨਿਆ ਗਿਆ ਸੀ।

ਇਹ ਵੀ ਪੜ੍ਹੋ : ਕਪੂਰਥਲਾ ਤੋਂ ‘ਆਪ’ ਉਮੀਦਵਾਰ ਮੰਜੂ ਰਾਣਾ ਨੇ ਵੋਟਾਂ ਦੀ ਗਿਣਤੀ ’ਚ ਹੇਰਾਫੇਰੀ ਦੇ ਲਾਏ ਦੋਸ਼

ਤਾਜ਼ਾ ਹਾਲਾਤ 'ਤੇ ਨਜ਼ਰ ਮਾਰੀ ਜਾਵੇ ਤਾਂ ਸੂਬੇ 'ਚ ਆਮ ਆਦਮੀ ਪਾਰਟੀ ਦੀ ਚੱਲੀ ਹਨੇਰੀ ਨੇ ਵੱਡੇ-ਵੱਡੇ ਸਿਆਸੀ ਦਿੱਗਜਾਂ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ ਹਨ, ਜਿਸ ਕਰਕੇ ਕਾਂਗਰਸ ਦੇ ਵੱਡੇ ਆਗੂਆਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਸਿਆਸੀ ਸੂਝ-ਬੂਝ ਰੱਖਦਿਆਂ ਢੁੱਕਵੇਂ ਸਮੇਂ ਅਨੁਸਾਰ ਵਿਉਂਤਬੰਦੀ ਕਰਨ ਦੇ ਸਿਆਸੀ ਮਾਹਿਰ ਮੰਨੇ ਜਾਂਦੇ ਕਾਂਗਰਸ ਦੀ ਮਾਝਾ ਬ੍ਰਿਗੇਡ ਦੇ ਆਗੂ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਜੇਤੂ ਹੋ ਕੇ ਨਿਕਲੇ ਹਨ ਕਿਉਂਕਿ ਜਿਹੜੇ ਸਰਵੇ ਤੇ ਏਜੰਸੀਆਂ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ, ਉਨ੍ਹਾਂ 'ਚੋਂ ਇਨ੍ਹਾਂ ਤਿੰਨਾਂ ਦੀਆਂ ਸੀਟਾਂ ਨੂੰ ਹਰਾਇਆ ਜਾ ਰਿਹਾ ਸੀ ਪਰ ਸਾਹਮਣੇ ਆਏ ਨਤੀਜਿਆਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।

Harnek Seechewal

This news is Content Editor Harnek Seechewal