ਸੁਖਜਿੰਦਰ ਰੰਧਾਵਾ ਨੇ ਸੁਖਬੀਰ ਬਾਦਲ ਨੂੰ ਚਿੱਠੀ ਲਿੱਖ ਕੇ ਵੰਗਾਰਿਆ

07/01/2019 5:49:52 PM

ਚੰਡੀਗੜ੍ਹ : ਲੁਧਿਆਣਾ ਕੇਂਦਰੀ ਜੇਲ ਵਿਚ ਕੈਦੀਆਂ ਵੱਲੋਂ ਕੀਤੀ ਹਿੰਸਾ 'ਤੇ ਅਸਤੀਫਾ ਮੰਗਣ ਵਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਲਿਖ ਕੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਿੱਖਾ ਜਵਾਬ ਦਿੱਤਾ ਹੈ। ਸੁਖਬੀਰ ਬਾਦਲ ਨੂੰ ਵੰਗਾਰਦਿਆਂ ਰੰਧਾਵਾ ਨੇ ਕਿਹਾ ਕਿ ਜੇਕਰ ਸਾਬਕਾ ਗ੍ਰਹਿ ਮੰਤਰੀ ਨੂੰ ਜੇਲ ਮੈਨੂਅਲ ਬਾਰੇ ਪਤਾ ਹੁੰਦਾ ਤਾਂ ਉਹ ਉਨ੍ਹਾਂ ਦਾ ਅਸਤੀਫਾ ਮੰਗ ਕੇ ਆਪਣੇ ਬੌਧਿਕ ਹਲਕੇਪਣ ਦਾ ਪ੍ਰਗਟਾਵਾ ਨਾ ਕਰਦੇ। ਰੰਧਾਵਾ ਨੇ ਸਾਬਕਾ ਉਪ ਮੁੱਖ ਮੰਤਰੀ ਨੂੰ ਚਿੱਠੀ ਲਿਖਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਜੇਲ ਮੈਨੂਅਲ ਨਹੀਂ ਪੜ੍ਹੇ ਤਾਂ ਉਹ ਹੁਣ ਜੇਲ ਮੈਨੂਅਲ ਦੀ ਧਾਰਾ 363 ਤੋਂ 367 ਪੜ੍ਹ ਲੈਣ (ਜਿਸ ਨੂੰ ਪੱਤਰ ਨਾਲ ਨੱਥੀ ਕੀਤਾ ਹੈ) ਜਿਸ ਵਿਚ ਸਪੱਸ਼ਟ ਲਿਖਿਆ ਹੈ ਕਿ ਜੇਲ ਵਿਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਨਜਿੱਠਣ ਲਈ ਹਥਿਆਰ ਚਲਾਉਣ ਦੇ ਜੇਲ ਅਧਿਕਾਰੀਆਂ ਨੂੰ ਪੂਰਨ ਅਧਿਕਾਰ ਹੁੰਦੇ ਹਨ।

ਰੰਧਾਵਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਲੁਧਿਆਣਾ ਵਿਚ ਕੈਦੀਆਂ ਵੱਲੋਂ ਕੀਤੀ ਹਿੰਸਾ ਉਪਰੰਤ ਕੀਤੀ ਗੋਲਾਬਾਰੀ ਦੀ ਤੁਲਨਾ ਬਹਿਬਲ ਕਲਾਂ ਗੋਲੀ ਕਾਂਡ ਨਾਲ ਕਰਕੇ ਸਿੱਖ ਕੌਮ ਦੀ ਤੌਹੀਨ ਕੀਤੀ ਹੈ ਜਿਸ ਲਈ ਉਹ ਸਮੁੱਚੀ ਸਿੱਖ ਕੌਮ ਤੋਂ ਮੁਆਫੀ ਮੰਗਣ। ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਵਿਖੇ ਸ਼ਾਂਤਮਈ ਤਰੀਕੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਫੜਾਉਣ ਦੀ ਮੰਗ ਕਰਦਿਆਂ ਗੁਰਬਾਣੀ ਕੀਰਤਨ ਕਰ ਰਹੇ ਸਿੱਖਾਂ ਦੀ ਤੁਲਨਾ ਕੈਦੀਆਂ ਨਾਲ ਬਿਲਕੁਲ ਨਹੀਂ ਕੀਤੀ ਜਾ ਸਕਦੀ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਅਜਿਹੀ ਕੀਤੀ ਤੁਲਨਾ ਕਿਧਰੇ ਵੀ ਹਜ਼ਮ ਹੋਣ ਵਾਲੀ ਗੱਲ ਨਹੀਂ। ਰੰਧਾਵਾ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਲਿਖੇ ਇਸ ਪੱਤਰ ਦੀ ਕਿਸੇ ਵੀ ਦਲੀਲ ਬਾਰੇ ਜੇ ਕੋਈ ਸਪੱਸ਼ਟੀਕਰਨ ਲੈਣਾ ਹੋਵੇ ਤਾਂ ਉਹ ਪੁੱਛ ਸਕਦੇ ਹਨ ਤਾਂ ਜੋ ਉਨ੍ਹਾਂ ਦੇ ਗਿਆਨ ਵਿਚ ਹੋਰ ਵਾਧਾ ਕੀਤਾ ਜਾ ਸਕੇ।

Gurminder Singh

This news is Content Editor Gurminder Singh