ਬਾਦਲਾਂ ਦੀਆਂ ਚੂਲ੍ਹਾਂ ਹਿਲਾਉਣ ਲਈ ਢੀਂਡਸਾ ਦਾ ਮਾਸਟਰ ਪਲਾਨ

12/18/2019 6:41:59 PM

ਸੰਗਰੂਰ/ਜਲੰਧਰ (ਵੈੱਬ ਡੈਸਕ) : ਅਕਾਲੀ ਦਲ ਨੂੰ ਅਸਲ ਸਿਧਾਂਤਾਂ 'ਤੇ ਮੁੜ ਲਿਆਉਣ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਪੁਸ਼ਤਪਨਾਹੀ ਤੋਂ ਮੁਕਤ ਕਰਵਾਉਣ ਲਈ ਸੁਖਦੇਵ ਸਿੰਘ ਢੀਂਡਸਾ ਨੇ ਕਮਰ ਕੱਸ ਲਈ ਹੈ। ਬੁੱਧਵਾਰ ਨੂੰ ਸੁਖਦੇਵ ਸਿੰਘ ਢੀਂਡਸਾ ਵਲੋਂ ਆਪਣੇ ਗ੍ਰਹਿ ਵਿਖੇ ਮੀਟਿੰਗ ਦੇ ਨਾਂ 'ਤੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਵਿੱਖ ਦੀ ਰਣਨੀਤੀ ਦੱਸਦੇ ਹੋਏ ਢੀਂਡਸਾ ਨੇ ਆਖਿਆ ਕਿ ਵੀਰਵਾਰ ਨੂੰ ਉਹ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਵਇੰਦਰ ਸਿੰਘ ਨਾਲ ਮੀਟਿੰਗ ਕਰਨ ਜਾ ਰਹੇ ਹਨ ਅਤੇ ਮੀਟਿੰਗ ਤੋਂ ਬਾਅਦ ਇਕ ਕਮੇਟੀ ਬਣਾਈ ਜਾਵੇਗੀ ਜਿਹੜੀ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰੇਗੀ। 

ਢੀਂਡਸਾ ਨੇ ਕਿਹਾ ਕਿ ਉਨ੍ਹਾਂ ਵਲੋਂ ਪਾਰਟੀ ਨਾਲ ਟੁੱਟ ਚੁੱਕੇ ਲੋਕਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਢੀਂਡਸਾ ਮੁਤਾਬਕ ਉਨ੍ਹਾਂ ਦਾ ਮੁੱਖ ਮਕਸਦ ਅਕਾਲੀ ਦਲ ਨੂੰ ਉਸ ਦੇ ਸਿਧਾਂਤਾਂ 'ਤੇ ਮੁੜ ਲੈ ਕੇ ਆਉਣ ਦਾ ਅਤੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਪੁਸ਼ਤਪਨਾਹੀ ਤੋਂ ਆਜ਼ਾਦ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਬੁੱਧੀ ਜੀਵੀ, ਮੁਲਾਜ਼ਮ, ਕਿਸਾਨ ਅਤੇ ਸੰਤ ਸਮਾਜ ਜਥੇਬੰਦੀਆਂ ਨੂੰ ਨਾਲ ਆਉਣ ਦੀ ਅਪੀਲ ਕਰਨਗੇ ਅਤੇ ਉਨ੍ਹਾਂ ਦੀ ਸਲਾਹ ਨਾਲ ਸ਼੍ਰੋਮਣੀ ਕਮੇਟੀ ਦੇ ਕੰਮ 'ਚ ਸੁਧਾਰ ਲਈ ਕੰਮ ਕਰਨਗੇ। 

ਢੀਂਡਸਾ ਨੇ ਸਾਫ ਕੀਤਾ ਕਿ ਉਹ ਹੁਣ ਚੋਣ ਨਹੀਂ ਲੜਨਗੇ, ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਧੜੇ ਵਲੋਂ ਜਿਹੜਾ ਲੀਡਰ ਧਾਰਮਿਕ ਚੋਣ ਲੜੇਗਾ ਉਹ ਸਿਆਸਤ ਦੇ ਮੈਦਾਨ ਵਿਚ ਨਹੀਂ ਉਤਰੇਗਾ। ਇਸ ਦੇ ਨਾਲ ਸੁਖਦੇਵ ਢੀਂਡਸਾ ਨੇ ਬਾਦਲ ਧੜੇ ਦੇ ਵੱਡੇ ਲੀਡਰਾਂ ਦੇ ਸੰਪਰਕ ਵਿਚ ਹੋਣ ਦਾ ਵੀ ਦਾਅਵਾ ਕੀਤਾ। ਪੁੱਤਰ ਪਰਮਿੰਦਰ ਢੀਂਡਸਾ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਰਮਿੰਦਰ ਵੀ ਉਨ੍ਹਾਂ ਦੇ ਨਾਲ ਹੀ, ਜਿਸ ਦਾ ਐਲਾਨ ਬਹੁਤ ਜਲਦ ਉਹ ਖੁਦ ਕਰੇਗਾ।

Gurminder Singh

This news is Content Editor Gurminder Singh