ਹਲਕਾ ਸੰਗਰੂਰ ਤੋਂ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਕਵਾਇਦ ਜਾਰੀ

11/20/2018 11:45:16 AM

ਤਪਾ ਮੰਡੀ (ਮੇਸ਼ੀ)— ਪੰਜਾਬ ਵਿਚ ਸੱਤਾ ਤੋਂ ਲਾਂਭੇ ਹੋਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਵਿਚੋਂ ਜ਼ਿਆਦਾਤਰ ਨੇ ਅਸਤੀਫੇ ਸੌਂਪ ਕੇ ਅਲਵਿਦਾ ਕਿਹਾ ਹੈ ਤੇ ਕੁਝ ਨੂੰ ਪਾਰਟੀ ਗਤੀਵਿਧੀਆਂ ਖਿਲਾਫ ਚੱਲਣ ਕਰ ਕੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ 'ਚੋਂ ਕੱਢਿਆ ਗਿਆ ਹੈ ਪਰ ਸਭ ਤੋਂ ਪਹਿਲਾਂ ਅਸਤੀਫੇ ਦੀ ਪਹਿਲ ਕਰਨ ਵਾਲੇ ਹਲਕਾ ਸੰਗਰੂਰ ਤੋਂ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਸਿਹਤ ਚੰਗੀ ਨਾ ਹੋਣ ਕਾਰਨ ਲਿਖਤੀ ਬੰਦ ਲਿਫਾਫੇ 'ਚ ਅਸਤੀਫਾ ਹਾਈਕਮਾਂਡ ਨੂੰ ਭੇਜਿਆ ਸੀ, ਜਿਸ ਨੂੰ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਵਾਨ ਨਾ ਕਰ ਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਗੁੱਸੇ ਨੂੰ ਠੰਡਾ ਕਰਨ ਲਈ ਕੋਸ਼ਿਸ਼ਾਂ ਜਾਰੀ ਕੀਤੀਆਂ ਹੋਈਆਂ ਹਨ। ਜਿਥੋਂ ਪੂਰੀ ਉਮੀਦ ਜਤਾਈ ਜਾ ਰਹੀ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਦੀ ਟਿਕਟ ਢੀਂਡਸਾ ਪਰਿਵਾਰ ਦੇ ਖੇਮੇ ਵਿਚ ਜਾਣ ਦਾ ਰਾਹ ਪੱਧਰਾ ਹੋ ਰਿਹਾ ਹੈ।

ਬੀਤੇ ਕੁਝ ਦਿਨ ਪਹਿਲਾਂ 'ਆਪ' ਵੱਲੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਮੁੜ ਚੋਣ ਲੜਾਉਣ ਦੇ ਐਲਾਨ ਕਰ ਕੇ ਸ਼੍ਰੋਮਣੀ ਅਕਾਲੀ ਦਲ ਵੀ ਮੁੜ ਢੀਂਡਸਾ ਪਰਿਵਾਰ ਨੂੰ ਚੋਣ ਲੜਾਉਣ ਦੀ ਚਾਹਵਾਨ ਹੋ ਸਕਦੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਇਸ ਵਾਰ ਆਮ ਆਦਮੀ ਪਾਰਟੀ ਵਿਚ ਚੱਲ ਰਹੀ ਵੱਡੀ ਧੜੇਬੰਦੀ ਹੋਣ ਕਾਰਨ ਭਗਵੰਤ ਮਾਨ ਦੀ ਬੇੜੀ ਵਿਚ ਵੱਟੇ ਪੈ ਸਕਦੇ ਹਨ, ਜਿਸਦਾ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਵਿਚ ਵੱਡਾ ਲਾਭ ਮਿਲਣ ਦੀ ਸੰਭਾਵਨਾ ਹੈ।

ਉਕਤ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ ਵਿਚ ਨਵਾਂ ਉਮੀਦਵਾਰ ਉਤਾਰਨ ਦੀਆਂ ਚਰਚਾਵਾਂ ਜ਼ੋਰ ਫੜ ਰਹੀਆਂ ਹਨ। ਇਸ ਤੋਂ ਇਲਾਵਾ ਹਲਕਾ ਬਰਨਾਲਾ ਦੇ ਕੇਵਲ ਸਿੰਘ ਢਿਲੋਂ ਜਾਂ ਫਿਰ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਨਾਵਾਂ ਦੀ ਵੀ ਚਰਚਾ ਹੈ। ਦੂਜੇ ਪਾਸੇ ਕਾਂਗਰਸ ਅਤੇ 'ਆਪ' ਵੀ ਕਈ ਧੜਿਆਂ ਵਿਚ ਵੰਡੀ ਹੋਈ ਹੈ। ਇਸ ਦੇ ਨਾਲ-ਨਾਲ ਬੇਅਦਬੀ ਕਾਂਡ ਵਿਚ ਘਿਰੀ ਅਕਾਲੀ ਦਲ ਨੂੰ ਵੀ ਇਸ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਗਾਮੀ ਲੋਕ ਸਭਾ ਚੋਣਾਂ ਵਿਚ ਸਾਰੀਆਂ ਹੀ ਪਾਰਟੀਆਂ ਆਪਣੇ ਰੁੱਸੇ ਆਗੂਆਂ ਨੂੰ ਮਨਾਉਣ ਲਈ ਯਤਨਸ਼ੀਲ ਹਨ।

cherry

This news is Content Editor cherry