ਨਾ ਹੀ ਚੋਣਾਂ ਲੜਾਂਗਾ ਤੇ ਨਾ ਹੀ ਅਹੁਦਾ ਛੱਡਾਂਗਾ : ਸੁਖਦੇਵ ਢੀਂਡਸਾ (ਵੀਡੀਓ)

12/18/2019 1:00:39 PM

ਸੰਗਰੂਰ - ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਸੀਨੀਅਰ ਅਕਾਲੀ ਆਗੂ ਅਤੇ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਸੰਗਰੂਰ ਜ਼ਿਲੇ ’ਚ ਸਥਿਤ ਆਪਣੇ ਨਿਵਾਸ ਸਥਾਨ ’ਤੇ ਅੱਜ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਸ਼ਕਤੀ ਪ੍ਰਦਰਸ਼ਨ ਦੌਰਾਨ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਵੱਡੀ ਗਿਣਤੀ ’ਚ ਵਰਕਰਾਂ ਦਾ ਇਕੱਠ ਦੇਖਣ ਨੂੰ ਮਿਲਿਆ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਸਰਕਾਰਾਂ ਬਣਾਉਣ ਲਈ ਨਹੀਂ ਬਣਿਆ ਸੀ ਸਗੋਂ ਅੰਗਰੇਜਾਂ ਦੇ ਜ਼ੁਲਮ ਖਿਲਾਫ ਲੜਨ ਅਤੇ ਧਰਮ ਦੀ ਰੱਖਿਆ ਕਰਨ ਲਈ ਬਣਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਅਕਾਲੀ ਦਲ ਨੂੰ ਉਸਦੀ ਅਸਲ ਸੋਚ ਵੱਲ ਲਿਆਉਣਾ ਹੈ। ਸੰਬੋਧਨ ਦੌਰਾਨ ਸੁਖਬੀਰ ਬਾਦਲ ’ਤੇ ਵਰ੍ਹਦੇ ਹੋਏ ਸੁਖਦੇਵ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਦੇ ਸਾਰੇ ਫੈਸਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੇ ਜਾਂਦੇ ਹਨ।  

ਸੁਖਦੇਵ ਢੀਂਡਸਾ ਨੇ ਕਿਹਾ ਕਿ ਮੈਂ ਨਾ ਤਾਂ ਚੋਣਾਂ ਲੜਾਂਗਾ ਅਤੇ ਨਾ ਹੀ ਆਪਣਾ ਅਹੁਦਾ ਛੱਡਾਗਾਂ। ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਾਰਟੀ ਨੂੰ ਤਾਕਤਵਰ ਬਣਾਉਣ ਲਈ ਉਨ੍ਹਾਂ ਵਲੋੋਂ ਹਰ ਮਹੀਨੇ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਸ ’ਚ ਉਨ੍ਹਾਂ ਨੇ ਵਰਕਰਾਂ ਨੂੰ ਆਉਣ ਦਾ ਸੱਦਾ ਦਿੰਦੇ ਹੋਏ ਆਪਣੇ ਨਾਲ ਹੋਰ ਲੋਕਾਂ ਨੂੰ ਵੀ ਲਿਆਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਅਸੀਂ ਉਹ ਅਕਾਲੀ ਦਲ ਪੈਦਾ ਕਰਨਾ ਚਾਹੁੰਦੇ ਹਾਂ, ਜਿਸ ਨੇ ਹਿੰਦੂਸਤਾਨ ਦੀ ਜਾਗੀਰ ਜਿੱਤਣ ’ਚ ਸਭ ਤੋਂ ਵੱਧ ਰੋਲ ਅਦਾ ਕੀਤਾ ਸੀ। ਜਿਸ ਨੇ ਹਿੰਦੂਸਤਾਨ ਨੂੰ ਆਜ਼ਾਦ ਕਰਵਾਉਣ ’ਚ ਆਪਣਾ ਅਹਿਮ ਯੋਗਦਾਨ ਨਿਭਾਇਆ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਸ਼ਖਸ ਪਾਰਟੀ ’ਚੋਂ ਅਸਤੀਫਾ ਨਹੀਂ ਦੇਵੇਗਾ, ਜੇ ਪਾਰਟੀ ਉਨ੍ਹਾਂ ਬਾਹਰ ਕੱਢਦੀ ਹੈ ਤਾਂ ਉਹ ਪਾਰਟੀ ਛੱਡਣ। ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਦੀ ਸਥਾਪਨਾ ਸਰਕਾਰ ਬਣਾਉਣ ਲਈ ਨਹੀਂ ਹੋਈ ਸੀ, ਬਲਕਿ ਗੁਰਦੁਆਰਿਆਂ ਨੂੰ ਆਜ਼ਾਦ ਕਰਾਉਣ ਲਈ ਹੋਈ ਸੀ। ਮਾਸਟਰ ਤਾਰਾ ਸਿੰਘ, ਸੰਤ ਹਰਚੰਦ ਸਿੰਘ ਲੌਂਗੋਵਾਲ ਵਰਗੀਆਂ ਸ਼ਖਸੀਅਤਾਂ ਅਕਾਲੀ ਦਲ ਦੀਆਂ ਪ੍ਰਧਾਨ ਰਹੀਆਂ ਹਨ ਪਰ ਹੁਣ ਇਸਨੂੰ ਸੁਖਬੀਰ ਸਿੰਘ ਬਾਦਲ ਨੇ ਨਿੱਜੀ ਜਾਇਦਾਦ ਬਣਾ ਲਿਆ ਹੈ। 70-70 ਮੀਤ ਪ੍ਰਧਾਨ, 25-30 ਜਨਰਲ ਸਕੱਤਰ ਅਕਾਲੀ ਦਲ ਵੱਲੋਂ ਬਣਾਏ ਗਏ ਹਨ ਪਰ ਪਾਵਰ ਕਿਸੇ ਨੂੰ ਵੀ ਨਹੀਂ ਦਿੱਤੀ ਗਈ। ਉਹ ਸਿਰਫ਼ ਨਾਂ ਦੇ ਹੀ ਅਹੁਦੇਦਾਰ ਹਨ।

ਸੁਖਦੇਵ ਢੀਂਡਸਾ ਨੇ ਕਿਹਾ ਕਿ ਸਾਡਾ ਮਕਸਦ ਕਿਸੇ ਨਾਲ ਲੜਾਈ-ਝਗੜਾ ਕਰਨਾ ਨਹੀਂ। ਪੰਜਾਬ ਦੀ ਸਾਂਭ-ਸੰਭਾਲ ਕਰਨਾ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਸਾਡਾ ਫਰਜ਼ ਹੈ, ਜਿਸ ਦੇ ਲਈ ਸਾਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਪਾਰਟੀ ਦੇ ਵਰਕਰਾਂ ਅਤੇ ਲੋਕਾਂ ਨੂੰ ਇਕੱਠੇ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਲਈ ਕੁਝ ਕਰਨ ਦੀ ਅਪੀਲ ਕੀਤੀ। 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਅਕਾਲੀ ਦਲ ਦੀ ਕਰਾਰੀ ਹਾਰ ਹੋਈ ਸੀ। ਹਾਰ ਤੋਂ ਬਾਅਦ ਮੇਰੇ ਵੱਲੋਂ ਸੁਖਬੀਰ ਤੋਂ ਅਸਤੀਫ਼ੇ ਦੀ ਮੰਗ ਕੀਤੀ ਗਈ। ਕਾਂਗਰਸ ਤੋਂ ਹਰ ਵਰਗ ਦੁਖੀ ਹੈ ਪਰ ਅਕਾਲੀ ਦਲ ਵੀ ਉਸ ਪੁਜ਼ੀਸ਼ਨ ’ਚ ਨਹੀਂ ਕਿ ਪੰਜਾਬ ਵਿਚ ਫਿਰ ਤੋਂ ਸੁਰਜੀਤ ਹੋ ਸਕੇ। ਢੀਂਡਸਾ ਨੇ ਕਿਹਾ ਮੈਂ ਕਿਸੇ ਨੂੰ ਮੀਟਿੰਗ ਸਬੰਧੀ ਸੁਨੇਹਾ ਨਹੀਂ ਲਾਇਆ ਇਹ ਜੋ ਵਰਕਰ ਪੁੱਜੇ ਹਨ, ਇਥੇ ਆਪਮੁਹਾਰੇ ਹੀ ਪੁੱਜੇ ਹਨ। ਦੱਸ ਦੇਈਏ ਕਿ ਸੁਖਦੇਵ ਢੀਂਡਸਾ ਨੇ ਇਸ ਸ਼ਕਤੀ ਪ੍ਰਦਰਸ਼ਨ ’ਚ ਸਿਰਫ ਅਕਾਲੀ ਦਲ ਨੂੰ ਬਚਾਉਣ ਦੀ ਹੀ ਗੱਲ ਕਹੀ ਅਤੇ ਕੋਈ ਨਵਾਂ ਐਲਾਨ ਨਹੀਂ ਕੀਤਾ। ਢੀਂਡਸਾ ਦੇ ਨਿਵਾਸ ਸਥਾਨ ’ਤੇ ਪੁੱਜੇ ਵਰਕਰ ਰੈਲੀ ਦਾ ਰੂਪ ਧਾਰ ਚੁੱਕੇ ਸਨ। 

rajwinder kaur

This news is Content Editor rajwinder kaur