ਢੀਂਡਸਾ ਬੇਟੇ ਨਾਲ ਦਿੱਲੀ ''ਚ ਬੈਠ ਕੇ ਕਰਨਗੇ ਮੰਥਨ!

12/11/2019 11:23:39 AM

ਚੰਡੀਗੜ੍ਹ (ਭੁੱਲਰ) : ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਵਲੋਂ ਬਾਦਲ ਵਿਰੋਧੀ ਗਰੁੱਪਾਂ ਨਾਲ ਹੱਥ ਮਿਲਾਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ 'ਚ ਵਿਧਾਇਕ ਦਲ ਦੇ ਨੇਤਾ ਪਰਮਿੰਦਰ ਸਿੰਘ ਢੀਂਡਸਾ ਲਈ ਨਵਾਂ ਧਰਮ ਸੰਕਟ ਪੈਦਾ ਹੋ ਗਿਆ ਹੈ। ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਹੁਣ ਪਰਮਿੰਦਰ ਢੀਂਡਸਾ ਵੀ ਆਪਣੇ ਪਿਤਾ ਵਲੋਂ ਅਪਣਾਏ ਗਏ ਰੁਖ਼ ਤੋਂ ਬਾਅਦ ਅਕਾਲੀ ਦਲ ਤੋਂ ਅਸਤੀਫ਼ਾ ਦੇਣ ਦੀ ਤਿਆਰੀ ਕਰ ਰਹੇ ਹਨ।

ਰਾਜਨੀਤਕ ਚਰਚਾਵਾਂ ਦਰਮਿਆਨ ਬੀਤੀ ਸ਼ਾਮ ਦੋਵੇਂ ਪਿਉ-ਪੁੱਤਰ ਨਵੀਂ ਦਿੱਲੀ ਚਲੇ ਗਏ। ਪੂਰਾ ਦਿਨ ਉਹ ਚੰਡੀਗੜ੍ਹ 'ਚ ਹੀ ਆਪਣੇ ਘਰ ਸਨ ਪਰ ਮੀਡੀਆ ਨਾਲ ਦੂਰੀ ਬਣਾਈ ਰੱਖੀ। ਸੂਤਰਾਂ ਦੀ ਮੰਨੀਏ ਤਾਂ ਦੋਵੇਂ ਪਿਉ-ਪੁੱਤਰ ਦਿੱਲੀ 'ਚ ਬੈਠ ਕੇ ਭਵਿੱਖ ਦੀ ਰਣਨੀਤੀ 'ਤੇ ਮੰਥਨ ਕਰ ਕੇ ਅਗਲਾ ਫੈਸਲਾ ਲੈਣਗੇ। ਪਰਮਿੰਦਰ ਢੀਂਡਸਾ ਇਸ ਸਮੇਂ ਅਸਤੀਫ਼ਾ ਦੇਣ ਦੇ ਮੁੱਦੇ 'ਤੇ ਦੁਬਿਧਾ 'ਚ ਫਸ ਚੁੱਕੇ ਹਨ। ਇਕ ਪਾਸੇ ਉਨ੍ਹਾਂ ਦਾ ਪਿਤਾ ਹੈ ਅਤੇ ਦੂਜੇ ਪਾਸੇ ਪਾਰਟੀ।

ਪਿਤਾ ਨੇ ਉਨ੍ਹਾਂ ਨੂੰ ਪੜ੍ਹਾ-ਲਿਖਾ ਕੇ ਰਾਜਨੀਤੀ 'ਚ ਅੱਗੇ ਵਧਾਇਆ ਅਤੇ ਪਾਰਟੀ ਨੇ ਉਨ੍ਹਾਂ ਨੂੰ ਅਹਿਮ ਪਦ ਦਿੱਤੇ। ਸੁਖਦੇਵ ਸਿੰਘ ਢੀਂਡਸਾ ਹੁਣ ਖੁੱਲ੍ਹ ਕੇ ਬਾਦਲ ਵਿਰੋਧੀ ਰੁਖ਼ ਅਪਣਾਉਂਦੇ ਹੋਏ ਟਕਸਾਲੀ ਅਤੇ ਹੋਰ ਦਲਾਂ ਵਲੋਂ 14 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਮਾਨੰਤਰ ਕੀਤੇ ਜਾਣ ਵਾਲੇ ਪਾਰਟੀ ਦੇ ਸਥਾਪਨਾ ਦਿਵਸ 'ਚ ਹਿੱਸਾ ਲੈਣ ਦਾ ਐਲਾਨ ਕਰ ਚੁੱਕੇ ਹਨ। ਇਸ ਤਰ੍ਹਾਂ ਹੁਣ ਦਿੱਲੀ 'ਚ ਮੰਥਨ ਤੋਂ ਬਾਅਦ 14 ਦਸੰਬਰ ਤੋਂ ਪਹਿਲਾਂ ਢੀਂਡਸਾ ਪਰਿਵਾਰ ਵੱਡਾ ਫੈਸਲਾ ਲੈ ਸਕਦਾ ਹੈ।

Babita

This news is Content Editor Babita