ਸੁਖਦੇਵ ਢੀਂਡਸਾ ਦੀ ਬਗਾਵਤ ''ਤੇ ਸੁਖਬੀਰ ਬਾਦਲ ਦਾ ਵੱਡਾ ਬਿਆਨ

12/19/2019 6:38:11 PM

ਨਵੀਂ ਦਿੱਲੀ/ਚੰਡੀਗੜ੍ਹ (ਵੈੱਬ ਡੈਸਕ) : ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਵਾਬ ਦਿੱਤਾ ਹੈ। ਢੀਂਡਸਾ ਨੂੰ ਪਿਤਾ ਸਮਾਨ ਦੱਸਦੇ ਹੋਏ ਸੁਖਬੀਰ ਨੇ ਕਿਹਾ ਕਿ ਜਿਸ ਪਾਰਟੀ ਨੇ ਉਨ੍ਹਾਂ ਨੂੰ ਵੱਡਾ ਮਾਣ-ਸਨਮਾਣ ਦਿੱਤਾ, ਉਸ ਨੂੰ ਕਮਜ਼ੋਰ ਕਰਨਾ ਸ਼ੋਭਾ ਨਹੀਂ ਦਿੰਦਾ। ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਨੇ ਢੀਂਡਸਾ ਨੂੰ ਤਿੰਨ ਵਾਰ ਐੱਮ. ਪੀ. ਬਣਾਇਆ, ਮੰਤਰੀ ਦਾ ਅਹੁਦਾ ਦਿੱਤਾ। ਸੁਖਦੇਵ ਢੀਂਡਸਾ ਲਗਾਤਾਰ ਤਿੰਨ ਵਾਰ ਹਾਰੇ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਸੀਨੀਅਰਤਾ ਨੂੰ ਮੁੱਖ ਰੱਖਦੇ ਹੋਏ ਰਾਜ ਸਭਾ ਭੇਜਿਆ ਗਿਆ, ਲਿਹਾਜ਼ਾ ਉਨ੍ਹਾਂ ਨੂੰ ਪਾਰਟੀ ਨੂੰ ਕਮਜ਼ੋਰ ਕਰਨ ਦੇ ਯਤਨ ਨਹੀਂ ਕਰਨੇ ਚਾਹੀਦੇ।

ਸੁਖਦੇਵ ਢੀਂਡਸਾ ਨੂੰ ਜਵਾਬ ਦਿੰਦਿਆਂ ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਸਿਰਫ ਸੁਖਬੀਰ ਦਾ ਨਹੀਂ ਸਗੋਂ ਸਮੁੱਚੇ ਸਿੱਖ ਕੌਮ ਦਾ ਹੈ। ਇਹੋ ਕਾਰਨ ਹੈ ਕਿ ਅਕਾਲੀ ਦਲ ਪਿਛਲੇ 100 ਸਾਲ ਤੋਂ ਐੱਸ. ਜੀ. ਪੀ. ਸੀ. 'ਤੇ ਕਾਬਜ਼ ਹੈ। 

ਢੀਂਡਸਾ ਦੇ ਸਵਾਲ ਕਿ ਅਕਾਲੀ ਦਲ ਆਪਣੇ ਅਸਲ ਸਿਧਾਂਤਾਂ ਤੋਂ ਭਟਕ ਚੁੱਕਾ ਹੈ ਅਤੇ ਅਕਾਲੀ ਦਲ ਸਿਆਸੀ ਚੋਣਾਂ ਲੜਨ ਲਈ ਨਹੀਂ ਬਣਿਆ ਸੀ 'ਤੇ ਬੋਲਦਿਆਂ ਸੁਖਬੀਰ ਨੇ ਕਿਹਾ ਕਿ ਅਕਾਲੀ ਦਲ ਗੁਰੂ ਸਾਹਿਬ ਦੇ ਮੀਰੀ-ਪੀਰੀ ਦੇ ਸਿਧਾਂਤ 'ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਭਾਰਤ ਸਰਕਾਰ ਦੇ ਅਧੀਨ ਆਉਂਦੇ ਚੋਣ ਕਮੀਸ਼ਨ ਵਲੋਂ ਕਰਵਾਈਆਂ ਜਾਂਦੀਆਂ ਹਨ ਅਤੇ ਡੈਮੋਕ੍ਰੇਟਿਕ ਢੰਗ ਨਾਲ ਹੀ ਅਕਾਲੀ ਦਲ ਐੱਸ. ਜੀ. ਪੀ. ਸੀ. 'ਤੇ ਕਾਬਜ਼ ਹੈ। 

Gurminder Singh

This news is Content Editor Gurminder Singh