ਖੇਡਾਂ ਦੇ ਖੇਤਰ ''ਚ ਪੰਜਾਬ ਬਣੇਗਾ ਮੁਲਕ ਦਾ ਮੋਹਰੀ ਸੂਬਾ : ਸੁਖਬੀਰ

09/28/2016 6:50:30 PM

ਫਰੀਦਕੋਟ (ਹਾਲੀ) : ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਨੂੰ ਛੋਟੀ ਉਮਰ ਤੋਂ ਹੀ ਵਿਸ਼ਵ ਪੱਧਰੀ ਦੇਣ ਲਈ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਮੋਹਾਲੀ ਵਿਖੇ 5 ਹਜ਼ਾਰ ਖਿਡਾਰੀਆਂ ਨੂੰ ਟਰੇਨਿੰਗ ਦੇਣ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੰਨ੍ਹਾਂ ਖਿਡਾਰੀਆਂ ਨੂੰ ਵਿਸ਼ਵ ਪੱਧਰ ''ਤੇ ਮੁਕਾਬਲੇ ''ਚ ਲਿਆਉਣ ਲਈ ਵੱਖ-ਵੱਖ ਖੇਡਾਂ ਦੀ ਟਰੇਨਿੰਗ ਲਈ ਆਸਟਰੇਲੀਆਂ ਦੀ ਇਕ ਨਾਮੀ ਯੂਨੀਵਰਸਿਟੀ ਨਾਲ ਸਮਝੋਤਾ ਸਹੀਬੱਧ ਕੀਤਾ ਜਾ ਚੁੱਕਿਆ ਹੈ।
ਬੁੱਧਵਾਰ ਨੂੰ ਬਾਬਾ ਫੱਕਰ ਦਾਸ ਯਾਦਗਾਰੀ ਕਬੱਡੀ ਕੱਪ ''ਚ ਪਿੰਡ ਢੀਮਾਂ ਵਾਲੀ ਵਿਖੇ ਮੁੱਖ ਮਹਿਮਾਨ ਵਜੋਂ ਪਹੁੰਚੇ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਖੇਡਾਂ ਦੇ ਖੇਤਰ ''ਚ ਦੇਸ਼ ਦਾ ਮੋਹਰੀ ਸੂਬਾ ਬਨਾਉਣ ਲਈ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ ਰਾਹੀਂ ਟਰੇਨਿੰਗ ਲੈਣ ਵਾਲੇ ਖਿਡਾਰੀਆਂ ਦੀ ਪੜ੍ਹਾਈ ਤੇ ਖੇਡ ਟਰੇਨਿੰਗ ਦਾ ਖਰਚ ਪੰਜਾਬ ਸਰਕਾਰ ਚੁੱਕੇਗੀ। ਉਨ੍ਹਾਂ ਕਿਹਾ ਕਿ ਮਾਂ ਖੇਡ ਕਬੱਡੀ ਅੱਜ ਵਿਸ਼ਵ ਅੰਦਰ ਮਸ਼ਹੂਰ ਹੋ ਚੁੱਕੀ ਹੈ ਅਤੇ ਨਵੰਬਰ 2016 ''ਚ ਹੋਣ ਵਾਲੇ ਵਿਸ਼ਵ ਕਬੱਡੀ ਕੱਪ ਵਿਚ 19 ਮੁਲਕਾਂ ਦੀਆਂ ਟੀਮਾਂ ਲੜਕਿਆਂ ਦੇ ਵਰਗ ''ਚ ਅਤੇ 9 ਮੁਲਕਾਂ ਦੀਆਂ ਟੀਮਾਂ ਲੜਕੀਆਂ ਦੇ ਵਰਗ ''ਚ ਭਾਗ ਲੈ ਰਹੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਆਉਂਦੇ ਅਕਤੂਬਰ ਮਹੀਨੇ ਵਿਚ ਵਰਲਡ ਕਬੱਡੀ ਲੀਗ ਵੀ ਸ਼ੁਰੂ ਹੋਣ ਜਾ ਰਹੀ ਹੈ।
ਪੰਜਾਬ ਦੇ ਪਿੰਡਾਂ ਨੂੰ ਵਿਕਾਸ ਪੱਖੋਂ ਨਵਾਂ ਰੂਪ ਦੇਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾ ਦਾ ਜ਼ਿਕਰ ਕਰਦਿਆਂ ਉੱਪ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਸਾਰੇ 12000 ਤੋਂ ਵਧੇਰੇ ਪਿੰਡਾਂ ਅੰਦਰ ਕੰਕਰੀਟ ਦੀਆਂ ਗਲੀਆਂ, ਨਾਲੀਆਂ, ਸਟਰੀਟ ਲਾਈਟਾਂ ਤੇ ਹੋਰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਲਗਭਗ 35000 ਕਰੋੜ ਰੁਪਏ ਦੇ ਪ੍ਰੋਜੈਕਟ ਉਲੀਕੇ ਗਏ ਹਨ, ਜੋ ਆਉਂਦੇ ਪੰਜਾਂ ਸਾਲਾਂ ''ਚ ਮੁਕੰਮਲ ਹੋਣਗੇ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਪਿੰਡਾ ''ਚ 2600 ਮੁਫ਼ਤ ਦਵਾਈ ਦੀਆਂ ਦੁਕਾਨਾਂ ਖੋਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਜੇਹਾ ਪਹਿਲਾ ਸੂਬਾ ਹੈ ਜਿੱਥੇ ਛੋਟੋ ਵਪਾਰੀਆਂ, ਆਰਥਿਕ ਪੱਖੋਂ ਗਰੀਬ ਵਰਗਾਂ ਅਤੇ ਕਿਸਾਨਾਂ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ।

Gurminder Singh

This news is Content Editor Gurminder Singh