ਸੁਖਬੀਰ ਬਾਦਲ ਦਾ ਵੱਡਾ ਬਿਆਨ, ਕੇਂਦਰ ਦੇ ਦਬਾਅ ਹੇਠ ਭਾਜਪਾ ’ਚ ਸ਼ਾਮਲ ਹੋਏ ਮਨਜਿੰਦਰ ਸਿਰਸਾ

12/02/2021 6:02:21 PM

ਜਲੰਧਰ (ਵੈੱਬ ਡੈਸਕ)— ਜਲੰਧਰ ਦੇ ਕਰਤਾਰਪੁਰ ’ਚ ਪੁੱਜੇ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਕਿਸਾਨੀ ਅੰਦੋਲਨ ਦੀ ਮਦਦ ਕਰਨ ’ਤੇ ਅਕਾਲੀ ਦਲ ਨੂੰ ਕੇਂਦਰ ਸਰਕਾਰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਨਾਤਾ ਤੋੜਿਆ ਹੈ, ਉਦੋਂ ਤੋਂ ਹੀ ਕੇਂਦਰ ਦੀ ਸਰਕਾਰ ਨੇ ਪੰਜਾਬ ’ਤੇ ਪੰਥ ਦੇ ਨਾਂ ’ਤੇ ਸਾਜਿਸ਼ਾਂ ਰਚਨੀਆਂ ਸ਼ੁਰੂ ਕਰ ਦਿੱਤੀਆਂ ਹਨ। ਮਨਜਿੰਦਰ ਸਿੰਘ ਸਿਰਸਾ ਵੱਲੋਂ ਭਾਜਪਾ ’ਚ ਸ਼ਾਮਲ ਹੋਣ ’ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦਬਾਅ ਹੇਠ ਹੀ ਮਨਜਿੰਦਰ ਸਿੰਘ ਸਿਰਸਾ ਭਾਜਪਾ ’ਚ ਸ਼ਾਮਲ ਹੋਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਮੈੈਨੂੰ ਬੜਾ ਅਫ਼ਸੋਸ ਹੈ ਕਿ ਮਨਜਿੰਦਰ ਸਿੰਘ ਸਿਰਸਾ ਕੇਂਦਰ ਸਰਕਾਰ ਦਾ ਦਬਾਅ ਨਹੀਂ ਸਹਿ ਸਕਿਆ। 

ਉਨ੍ਹਾਂ ਖ਼ੁਲਾਸਾ ਕਰਦੇ ਹੋਏ ਕਿਹਾ ਕਿ ਸਿਰਸਾ ਦੇ ਸਿਰ ’ਤੇ ਬੰਦੂਕ ਰੱਖ ਕੇ ਉਸ ਨੂੰ ਕਿਹਾ ਗਿਆ ਕਿ ਜਾਂ ਪ੍ਰਧਾਨਗੀ ਛੱਡੇ ਜਾਂ ਫਿਰ ਜੇਲ੍ਹ ਜਾਵੇ। ਉਨ੍ਹਾਂ ਕਿਹਾ ਕਿ ਮੈਨੂੰ ਦੋ ਦਿਨ ਪਹਿਲਾਂ ਹੀ ਸਿਰਸਾ ਦਾ ਫੋਨ ਆਇਆ ਸੀ ਅਤੇ ਸਿਰਸਾ ਨੇ ਕਿਹਾ ਕਿ ਕੇਂਦਰ ਨੇ ਮੇਰੇ ਸਾਰੇ ਪਰਿਵਾਰ ’ਤੇ ਸ਼ਿਕੰਜਾ ਕੱਸ ਦਿੱਤਾ ਹੈ ਅਤੇ ਮੈਨੂੰ ਗਿ੍ਰਫ਼ਤਾਰ ਕਰਨ ਲੱਗੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਸਿਰਸਾ ਨੇ ਉਨ੍ਹਾਂ ਵੈਟਸਐਪ ’ਤੇ ਮੈਸੇਜ ਕਰਕੇ ਵੀ ਕਿਹਾ ਕਿ ਕੇਂਦਰ ਸਰਕਾਰ ਮੇਰੇ ਅਤੇ ਮੇਰੇ ਪਰਿਵਾਰ ਨੂੰ ਗਿ੍ਰਫ਼ਤਾਰ ਕਰਨਾ ਚਾਹੁੰਦੀ ਹੈ। 

ਇਹ ਵੀ ਪੜ੍ਹੋ:  ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਬਣਨ 'ਤੇ ਹਲਕਾ ਕਰਤਾਰਪੁਰ 'ਚ ਖੋਲ੍ਹੇ ਜਾਣਗੇ 10 ਵੱਡੇ ਸਕੂਲ

ਉਨ੍ਹਾਂ ਕਿਹਾ ਕਿ ਜਦੋਂ ਸਿਰਸਾ ਪ੍ਰਧਾਨ ਬਣਿਆ ਸੀ ਤਾਂ ਉਦੋਂ ਵੀ ਉਸ ’ਤੇ ਕੋਰਟ ਕੇਸ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਤਾਂ ਅਕਾਲੀ ਦਲ ਦੇ ਉਮੀਦਵਾਰ ਜਿੱਤੇ। ਕੇਂਦਰ ਸਰਕਾਰ ਵੱਲੋਂ ਆਪਣੇ ਚਹੇਤਿਆਂ ਨੂੰ ਉਮੀਦਵਾਰਾਂ ਵਜੋਂ ਖੜ੍ਹਾ ਕੀਤਾ ਗਿਆ ਪਰ ਉਹ ਬੁਰੀ ਤਰ੍ਹਾਂ ਹਾਰੇ। ਤਿੰਨ ਮਹੀਨੇ ਹੋਣ ਤੋਂ ਬਾਅਦ ਵੀ ਮੈਂਬਰਾਂ ਚਾਰਜ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ 11 ਮੈਂਬਰਾਂ ’ਤੇ ਝੂਠੇ ਪਰਚੇ ਕੀਤੇ ਗਏ ਅਤੇ ਕਿਹਾ ਕਿ ਜਾਂ ਤਾਂ ਅਕਾਲੀ ਦਲ ਛੱਡੋ ਜਾਂ ਜੇਲ੍ਹ ਜਾਓ ਪਰ ਉਹ ਡੱਟ ਕੇ ਖੜ੍ਹੇ ਰਹੇ। ਉਨ੍ਹਾਂ ਕਿਹਾ ਕਿ ਹਰਮੀਤ ਕਾਲਕਾ ਸਮੇਤ ਸਿਰਸਾ ’ਤੇ ਵੀ ਪਰਚੇ ਦਿੱਤੇ ਗਏ ਅਤੇ ਦਬਾਅ ਪਾਇਆ ਗਿਆ। 

ਇਹ ਵੀ ਪੜ੍ਹੋ: ਅਹਿਮ ਖ਼ਬਰ: ਜਲੰਧਰ ਵਿਖੇ ਕਾਂਸਟੇਬਲ ਦੀ ਭਰਤੀ ਲਈ ਆਏ ਮੁੰਡੇ-ਕੁੜੀਆਂ ਨੇ ਜਾਮ ਕੀਤਾ BSF ਚੌਂਕ

ਕੇਂਦਰ ਸਰਕਾਰ ਨਿਸ਼ਾਨਾ ਵਿੰਨ੍ਹਦੇ ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਕੰਟਰੋਲ ’ਚ ਕਰਨਾ ਚਾਹੁੰਦੀ ਹੈ। ਇਸ ਤੋਂ ਵੱਡਾ ਹਮਲਾ ਸਿੱਖ ਪੰਥ ’ਤੇ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਉਹੀ ਕੰਮ ਹੁਣ ਕੇਂਦਰ ਸਰਕਾਰ ਕਰ ਰਹੀ ਹੈ। ਮੈਨੂੰ ਬੜਾ ਦੁੱਖ ਲੱਗਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਕੇਂਦਰ ਦੀ ਸਰਕਾਰ ਅੱਗੇ ਝੁੱਕ ਗਿਆ। ਉਨ੍ਹਾਂ ਕਿਹਾ ਕਿ ਬੜੀਆਂ ਤਾਕਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ’ਚ ਲੱਗੀਆਂ ਰਹੀਆਂ ਹਨ ਪਰ ਅੱਜ ਤੱਕ ਪੰਥ ਦਾ ਝੱਡਾ ਝੂਲਦਾ ਰਿਹਾ ਹੈ ਅਤੇ ਅੱਗੇ ਵੀ ਰਹੇਗਾ। ਨਾ ਅਸੀਂ ਗਾਂਧੀ ਪਰਿਵਾਰ ਤੋਂ ਡਰੇ ਹਾਂ ਅਤੇ ਨਾ ਹੀ ਕਿਸੇ ਹੋਰ ਤੋਂ ਡਰਨ ਵਾਲੇ ਹਾਂ। ਅਕਾਲੀ ਦਲ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ। 

ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਸੁਖਬੀਰ ਸਿੰਘ ਬਾਦਲ ਡੇਰਾ ਸੱਚਖੰਡ ਬੱਲਾਂ ਵਿਖੇ ਹੋਏ ਨਤਮਸਤਕ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri